
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ 2025 ਚੌਣਾਂ ਦੌਰਾਨ ਬਾਹਰਲੇ ਸਮਰਥਕਾਂ ਨੂੰ ਹਲਕੇ ਤੋਂ ਬਾਹਰ ਜਾਣ ਦੇ ਆਦੇਸ਼ ਜਾਰੀ
ਫਰੀਦਕੋਟ :12,ਦਸੰਬਰ ( ਕੰਵਲ ਸਰਾਂ/ ਗੌਤਮ ਬਾਂਸਲ) ਜਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ-2025 ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਆਏ ਚੋਣ ਹਲਕੇ ਤੋਂ ਬਾਹਰਲੇ ਵਿਅਕਤੀ ਰਿਸ਼ਤੇਦਾਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਚੋਣਾਂ ਨਾਲ ਸਬੰਧਤ ਪਿੰਡਾਂ (ਚੋਣ ਉਮੀਦਵਾਰ ਦੇ ਹਲਕੇ) ਦੀ ਹਦੂਦ ਤੋਂ ਬਾਹਰ ਚਲੇ ਜਾਣ।
ਜਿਲ੍ਹਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਰਾਜ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ-2025 ਦੀਆਂ ਚੋਣਾਂ ਮਿਤੀ 14.12.2025 ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਸ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਤੇ ਪੰਜਾਬ ਪੰਚਾਇਤ ਚੋਣਾਂ ਰੂਲਜ਼ 48 ਤਹਿਤ ਚੋਣ ਲੜ ਰਹੇ ਉਮੀਦਵਾਰਾਂ ਦੇ ਸਮਰਥਕ ਰਿਸ਼ਤੇਦਾਰਾਂ ਅਤੇ ਉਨ੍ਹਾਂ ਨਾਲ ਪ੍ਰਚਾਰ ਮੁਹਿੰਮ ਖਤਮ ਹੋਣ ਉਪਰੰਤ ਆਪਣੇ ਉਮੀਦਵਾਰ ਦਾ ਹਲਕਾ ਛੱਡ ਦੇਣਾ ਲੋੜੀਂਦਾ ਹੈ। ਅਜਿਹੇ ਵਿਅਕਤੀਆਂ ਵੱਲੋਂ ਸਬੰਧਤ ਹਲਕਿਆਂ ਵਿੱਚੋਂ ਵੋਟਾਂ ਪੈਣ ਸਮੇਂ ਹਾਜਰ ਰਹਿਣ ਨਾਲ ਅਮਨ ਪੂਰਵਕ ਅਤੇ ਸਹੀ ਤਰੀਕੇ ਨਾਲ ਚੱਲ ਰਹੀ ਵੋਟ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਸ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ 2025 ਦੀਆਂ ਚੋਣਾਂ ਦੇ ਉਮੀਦਵਾਰਾਂ ਦੇ ਬਾਹਰਲੇ ਸਮੱਰਥਕਾ ਅਤੇ ਰਿਸ਼ਤੇਦਾਰਾਂ ਦਾ ਚੋਣ ਵਾਲੇ ਸਬੰਧਤ ਪਿੰਡਾਂ ਤੋਂ ਬਾਹਰ ਜਾਣਾ ਯਕੀਨੀ ਬਣਾਉਣਾ ਜਰੂਰੀ ਹੋ ਗਿਆ ਹੈ। ਜਿਸ ਸਭ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।