
Amritpal ’ਤੇ ਲੱਗੀ NSA ਨੂੰ ਚੈਲੈਂਜ ਕਰਨ ਦੀ ਤਿਆਰੀ, ਵਕੀਲ ਹਰਜੋਤ ਸਿੰਘ ਮਾਨ ਦਾ ਬਿਆਨ – “ਜੇ ਬਾਹਰ ਆਉਣ ਨਾਲ ਮਹੌਲ ਖਰਾਬ ਹੋਣਾ ਹੈ, ਤਾਂ ਦੱਸੋ ਹੁਣ ਕਿਹੜਾ ਮਹੌਲ ਠੀਕ ਹੈ?”
ਪਟਿਆਲਾ/ਚੰਡੀਗੜ੍ਹ | AIMA MEDIA
ਖਾਲਿਸਤਾਨ ਹਮਾਇਤੀ ਆਗੂ ਅਮ੍ਰਿਤਪਾਲ ਸਿੰਘ ’ਤੇ ਲੱਗੀ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਹੁਣ ਅਦਾਲਤ ਵਿੱਚ ਚੈਲੈਂਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅਮ੍ਰਿਤਪਾਲ ਦੇ ਵਕੀਲ ਹਰਜੋਤ ਸਿੰਘ ਮਾਨ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਮ੍ਰਿਤਪਾਲ ਖ਼ਿਲਾਫ਼ ਲੱਗੀ NSA ਬਿਲਕੁਲ ਗ਼ੈਰ-ਲੋੜੀਂਦੀ ਅਤੇ ਗ਼ਲਤ ਤਰੀਕੇ ਨਾਲ ਲਗਾਈ ਗਈ ਹੈ, ਜਿਸ ਨੂੰ ਕਾਨੂੰਨੀ ਤੌਰ ’ਤੇ ਚੈਲੈਂਜ ਕੀਤਾ ਜਾਵੇਗਾ।
ਵਕੀਲ ਹਰਜੋਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,
“ਜੇ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਅਮ੍ਰਿਤਪਾਲ ਦੇ ਬਾਹਰ ਆਉਣ ਨਾਲ ਮਹੌਲ ਖਰਾਬ ਹੋ ਜਾਵੇਗਾ, ਤਾਂ ਪਹਿਲਾਂ ਇਹ ਦੱਸਿਆ ਜਾਵੇ ਕਿ ਹੁਣ ਕਿਹੜਾ ਮਹੌਲ ਬਿਲਕੁਲ ਠੀਕ ਹੈ?”
ਉਨ੍ਹਾਂ ਨੇ ਦੋਸ਼ ਲਗਾਇਆ ਕਿ NSA ਦਾ ਵਰਤੋਂ ਕਰਕੇ ਕਿਸੇ ਨੂੰ ਲੰਮੇ ਸਮੇਂ ਲਈ ਕੈਦ ਰੱਖਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਅਤੇ ਇਹ ਲੋਕਤੰਤਰਿਕ ਪ੍ਰਣਾਲੀ ਦੇ ਖ਼ਿਲਾਫ਼ ਹੈ। ਵਕੀਲ ਨੇ ਕਿਹਾ ਕਿ ਅਮ੍ਰਿਤਪਾਲ ਖ਼ਿਲਾਫ਼ ਜੋ ਵੀ ਆਰੋਪ ਹਨ, ਉਹਨਾਂ ਦਾ ਟ੍ਰਾਇਲ ਖੁੱਲੀ ਅਦਾਲਤ ਵਿੱਚ ਹੋਣਾ ਚਾਹੀਦਾ ਹੈ, ਨਾ ਕਿ NSA ਵਰਗੇ ਕਾਨੂੰਨ ਹੇਠ।
ਉਨ੍ਹਾਂ ਇਹ ਵੀ ਆਖਿਆ ਕਿ ਜੇ ਸਰਕਾਰ ਕੋਲ ਮਜ਼ਬੂਤ ਸਬੂਤ ਹਨ ਤਾਂ ਉਹ ਅਦਾਲਤ ਵਿੱਚ ਪੇਸ਼ ਕਰੇ, ਪਰ ਬਿਨਾਂ ਟ੍ਰਾਇਲ ਕਿਸੇ ਨੂੰ ਲਗਾਤਾਰ ਕੈਦ ਵਿਚ ਰੱਖਣਾ ਸੰਵਿਧਾਨਕ ਹੱਕਾਂ ਦਾ ਹਨਨ ਹੈ।
ਇੱਥੇ ਜ਼ਿਕਰ ਯੋਗ ਹੈ ਕਿ ਅਮ੍ਰਿਤਪਾਲ ਸਿੰਘ ਪਿਛਲੇ ਕਈ ਮਹੀਨਿਆਂ ਤੋਂ NSA ਤਹਿਤ ਹਿਰਾਸਤ ਵਿੱਚ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਵੀ ਲਗਾਤਾਰ ਗਰਮੀ ਬਣੀ ਹੋਈ ਹੈ।
ਵਕੀਲ ਹਰਜੋਤ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਅਮ੍ਰਿਤਪਾਲ ਨੂੰ ਨਿਆਂ ਮਿਲ ਸਕੇ।