logo

ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ-2025

- ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 47 ਅਤੇ ਬਲਾਕ ਸੰਮਤੀ ਲਈ 273 ਨਾਮਜ਼ਦਗੀ ਪੱਤਰ ਦਾਖਲ ਹੋਏ- ਪੂਨਮਦੀਪ ਕੌਰ
-ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀਆਂ ਪੱਤਰਾਂ ਦੀ ਕੁੱਲ ਗਿਣਤੀ ਹੁਣ ਤੱਕ 55 ਅਤੇ ਬਲਾਕ ਸੰਮਤੀ ਦੀ ਗਿਣਤੀ 339 ਹੋਈ

ਫ਼ਰੀਦਕੋਟ 04 ਦਸੰਬਰ25 (ਨਾਇਬ ਰਾਜ)

ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਜਾਰੀ ਸ਼ਡਿਊਲ ਅਨੁਸਾਰ ਫ਼ਰੀਦਕੋਟ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਲਈ 1 ਦਸੰਬਰ ਤੋਂ ਅੱਜ 4 ਦਸੰਬਰ ਤੱਕ ਸੰਬੰਧਿਤ ਰਿਟਰਨਿੰਗ ਅਫਸਰਾਂ ਦੇ ਦਫਤਰ ਵਿਖੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਕਰਨ ਦਾ ਅਮਲ ਮੁਕੰਮਲ ਹੋ ਗਿਆ । ਅੱਜ ਆਖਰੀ ਦਿਨ ਜ਼ਿਲ੍ਹਾ ਪਰਿਸ਼ਦ ਲਈ 47 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਜਦ ਕਿ ਜ਼ਿਲ੍ਹੇ ਦੀਆਂ ਤਿੰਨ ਬਲਾਕ ਸੰਮਤੀਆਂ ਲਈ ਕੁੱਲ 273 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ। ਇਸੇ ਤਰ੍ਹਾਂ ਹੁਣ ਤੱਕ ਜ਼ਿਲ੍ਹਾ ਪਰਿਸ਼ਦ ਲਈ ਕੁੱਲ 55 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਜਦ ਕਿ ਬਲਾਕ ਸੰਮਤੀਆਂ ਲਈ ਕੁੱਲ 339 ਨਾਮਜ਼ਦਗੀ ਪੱਤਰ ਦਾਖਲ ਹੋਏ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਲਈ ਕੁੱਲ 10 ਜੋਨ ਹਨ, ਜਦਕਿ ਪੰਚਾਇਤ ਸੰਮਤੀਆਂ ਦੇ ਕੁੱਲ 65 ਜੋਨ ਹਨ । ਜਿਨ੍ਹਾਂ ਵਿੱਚੋਂ ਪੰਚਾਇਤ ਸੰਮਤੀ ਫ਼ਰੀਦਕੋਟ ਲਈ 21 ਜੋਨ, ਪੰਚਾਇਤ ਸੰਮਤੀ ਕੋਟਕਪੂਰਾ ਲਈ 19 ਜੋਨ ਅਤੇ ਪੰਚਾਇਤ ਸੰਮਤੀ ਜੈਤੋ ਲਈ 25 ਜੋਨ ਬਣਾਏ ਗਏ ਹਨ। ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਕੁੱਲ 241 ਪਿੰਡ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ ਪੋਲਿੰਗ ਸਟੇਸ਼ਨ ਦੀ ਕੁੱਲ ਗਿਣਤੀ 244 ਹੈ, ਜਦਕਿ ਪੋਲਿੰਗ ਬੂਥਾਂ ਦੀ ਗਿਣਤੀ 414 ਹੈ। ਇਨ੍ਹਾਂ ਚੋਣਾਂ ਵਿੱਚ 3,34,547 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨਾਂ ਵਿੱਚੋਂ 1,75,244 ਮਰਦ ਅਤੇ ਇਕ 1,59,298 ਔਰਤਾਂ ਜਦਕਿ 5 ਤੀਜੇ ਲਿੰਗ ਦੇ ਵੋਟਰ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖਰੀ ਮਿਤੀ 06 ਦਸੰਬਰ 2025(ਸ਼ਨੀਵਾਰ) ਸ਼ਾਮ 03.00 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਉਪਰੋਕਤ ਚੋਣਾਂ ਮਿਤੀ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ 2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਈ ਗਿਣਤੀ ਕੇਂਦਰਾਂ ਤੇ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਚੋਣਾਂ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
--

0
0 views