logo

ਵਿਸ਼ਵ ਏਡਸ ਦਿਵਸ ਮੌਕੇ ਕੰਮੇਆਣਾ ਹੈਲਥ ਵੈਲਨੈਸ ਸੈਂਟਰ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਫਰੀਦਕੋਟ: 02 ਦਸੰਬਰ (ਕੰਵਲ ਸਰਾਂ) ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਗ ਬਰਾੜ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਦੀ ਰਹਿਨੁਮਾਈ ਹੇਠ ਪਿੰਡ ਕੰਮੇਆਣਾ ਦੇ ਹੈਲਥ ਵੈਲਨੈਸ ਸੈਂਟਰ/ਸਿਹਤ ਕੇਂਦਰ ਵਿੱਚ ਵਿਸ਼ਵ ਏਡਸ ਦਿਵਸ ਸਬੰਧੀ ਜਾਗਰੂਕਤਾ ਕਰਵਾਈ ਗਈ। ਇਸ ਮੌਕੇ ਨੋਡਲ ਅਫਸਰ ਬੀ.ਈ.ਈ. ਰਜਿੰਦਰ ਕੁਮਾਰ ਨੇ ਲੋਕਾਂ ਨੂੰ ਐੱਚਆਈਵੀ/ਏਡਜ਼ ਨਾਲ ਜੁੜੀਆਂ ਗਲਤ ਫਹਿਮੀਆਂ ਦੂਰ ਕਰਨ ਤੇ ਸਹੀ ਜਾਣਕਾਰੀ ਫੈਲਾਉਣ ਬਾਰੇ ਵਿਸਥਾਰ ਨਾਲ ਅਗਾਹ ਕੀਤਾ। ਉਹਨਾਂ ਨੇ ਦੱਸਿਆ ਕਿ ਏਡਜ਼ ਸਬੰਧੀ ਲੋਕਾਂ ਵਿੱਚ ਅਜੇ ਵੀ ਕਈ ਭੁਲੇਖੇ ਮੌਜੂਦ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਇਹ ਰੋਗ ਛੂਹਣ, ਕੋਲ ਬੈਠਣ, ਗੱਲਬਾਤ ਕਰਨ ਜਾਂ ਹੱਥ ਮਿਲਾਉਣ ਨਾਲ ਨਹੀਂ ਫੈਲਦਾ। ਇਸ ਦੇ ਫੈਲਣ ਦੇ ਮੁੱਖ ਕਾਰਨ ਅਸੁਰੱਖਿਅਤ ਸਰੀਰਕ ਸੰਬੰਧ, ਸੰਕ੍ਰਮਿਤ ਖੂਨ ਨਾਲ ਸੰਪਰਕ, ਇੱਕੋ ਸਰਿੰਜ ਦੀ ਦੁਬਾਰਾ ਵਰਤੋਂ, ਸੇਮ ਬਲੇਡ ਦੀ ਵਰਤੋਂ, ਦੂਸ਼ਿਤ ਨਸ਼ਿਆਂ ਵਾਲੀਆਂ ਸਰਿੰਜਾਂ ਅਤੇ ਪ੍ਰਭਾਵਿਤ ਮਾਂ ਦੇ ਦੁੱਧ ਰਾਹੀਂ ਬੱਚੇ ਤੱਕ ਸੰਕ੍ਰਮਣ ਹੋਣਾ ਹੈ।ਰਜਿੰਦਰ ਕੁਮਾਰ ਨੇ ਕਿਹਾ ਕਿ ਐੱਚਆਈਵੀ ਇੱਕ ਰੈਟਰੋ ਵਾਇਰਸ ਹੈ ਜੋ ਸਰੀਰ ਦੇ ਇਮਿਊਨ ਸਿਸਟਮ ’ਤੇ ਸਿੱਧਾ ਪ੍ਰਭਾਵ ਪਾਂਦਾ ਹੈ ਅਤੇ ਸੀਡੀ-4 ਤੇ ਟੀ-ਸੈੱਲਾਂ ਨੂੰ ਨਸ਼ਟ ਕਰਦਾ ਹੈ। ਇਕ ਵਾਰ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਵਿਅਕਤੀ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਜਾਂਦੀ ਹੈ। ਇਸ ਸਮੇਂ ਦੁਨੀਆ ਭਰ ਵਿੱਚ ਲਗਭਗ 4 ਕਰੋੜ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਵਿਸ਼ਵ ਏਡਜ਼ ਦਿਵਸ (1 ਦਸੰਬਰ) ਸਾਨੂੰ ਰੋਕਥਾਮ ਉਪਾਅ, ਜਲਦੀ ਜਾਂਚ ਅਤੇ ਸਹੀ ਜਾਣਕਾਰੀ ਦੇ ਪ੍ਰਸਾਰ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਖ਼ਾਸ ਕਰਕੇ ਬੱਚੀਆਂ, ਕਿਸ਼ੋਰ ਲੜਕੀਆਂ ਅਤੇ ਨੌਜਵਾਨ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ।
ਇਸ ਮੌਕੇ ਚਰਨਜੀਤ ਸਿੰਘ, ਅਮਰਜੀਤ ਕੌਰ,ਸਿਮਰਜੀਤ ਕੌਰ (ਸਿਹਤ ਵਰਕਰ) ਅਤੇ ਰੁਪਿੰਦਰ ਕੌਰ ਸੀ.ਐਚ.ਓ. ਨੇ ਵੀ ਸ਼ਮੂਲੀਅਤ ਕੀਤੀ।

8
2898 views