logo

32 ਵਾਂ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਪਰ ਕਿਸੇ ਭੈਅ ਹੇਠ ਹੋੋਇਆ ਪਰਵਾਸ ਨਰੋਆ ਨਹੀਂ ਹੁੰਦਾ: ਡਾ. ਜਗਰੂਪ

ਜਤਿੰਦਰ ਬੈਂਸ
ਗੁਰਦਾਸਪੁਰ, 01 ਦਸੰਬਰ
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋੋਗ ਨਾਲ 32ਵਾਂ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਮਨਾਇਆ ਗਿਆ। ਸਮਾਰੋਹ ਦੌਰਾਨ ਪੰਜਾਬੀ ਸਾਹਿਤ ਦੇ ਦੋ ਮਹਾਨ ਸ੍ਰਜਨਹਾਰਾਂ ਪ੍ਰਿੰ ਸੁਜਾਨ ਸਿੰਘ ਅਤੇ ਡਾ. ਨਿਰਮਲ ਸਿੰਘ ਆਜ਼ਾਦ ਦੀ ਸਮਾਜ ਨੂੰ ਦੇਣ ਬਦਲੇ ਉਚੇਚੇ ਤੌਰ 'ਤੇ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਸਮਾਗਮ ਦਾ ਮੰਚ ਸੰਭਾਲਦਿਆਂ ਜਨਰਲ ਸਕੱਤਰ ਮੰਗਤ ਚੰਚਲ ਵੱਲੋੰ ਪ੍ਰਧਾਨਗੀ ਮੰਡਲ ਬਿਠਾਇਆ ਗਿਆ ਜਿਸ ਵਿੱਚ ਸ਼੍ਰੀ ਡਾ. ਜਗਰੂਪ ਸਿੰਘ ਸੇਖੋਂ, ਡਾ.ਕੁਲਦੀਪ ਪੁਰੀ, ਸ.ਕੁਲਦੀਪ ਸਿੰਘ, ਸਰਦਾਰਾ ਸਿੰਘ ਚੀਮਾ, ਦੀਪ ਦੇਵਿੰਦਰ ਸਿੰਘ, ਸੈਲੇੰਦਰਜੀਤ ਸਿੰਘ ਰਾਜਨ, ਡਾ. ਲੇਖ ਰਾਜ, ਸੁਲੱਖਣ ਸਰਹੱਦੀ ਅਤੇ ਮੱਖਣ ਕੁਹਾੜ ਸ਼ਾਮਲ ਹੋਏ। ਇਨ੍ਹਾਂ ਦੇ ਨਾਲ ਹੀ ਸਨਮਾਨਤ ਕੀਤੇ ਜਾਣ ਵਾਲੇ ਕਹਾਣੀਕਾਰ ਸ਼੍ਰੀ ਪੰਮੀ ਦਿਵੇਦੀ ਅਤੇ ਗੁਰਮੀਤ ਆਰਿਫ਼ ਵੀ ਸੁਸ਼ੋਭਿਤ ਸਨ।

ਪ੍ਰੋਗਰਾਮ ਦੇ ਆਰੰਭ ਵਿੱਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਹਿਤਕਾਰ ਸਾਥੀਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਾਹਿਤ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਸੁਲੱਖਣ ਸਰਹੱਦੀ ਵੱਲੋੰ ਹਾਜ਼ਰ ਸਾਥੀਆਂ ਨੂੰ ਹਾਰਦਿਕ ਜੀ ਆਇਆਂ ਨੂੰ ਆਖਿਆ ਗਿਆ। ਸ਼ੀਤਲ ਸਿੰਘ ਗੁਨੋਪੁਰੀ ਵੱਲੋੰ ਪ੍ਰਿੰ ਸੁਜਾਨ ਸਿੰਘ ਵੱਲੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਪਾਈਆਂ ਗਈਆਂ ਨਵੀਆਂ ਪੈੜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਡਾ. ਨਿਰਮਲ ਸਿੰਘ ਆਜ਼ਾਦ ਦੀ ਵਗਿਆਨਕ ਸੋਝੀ ਬਾਰੇ ਮੱਖਣ ਕੁਹਾੜ ਵੱਲੋੰ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।

ਅੱਜ ਦੇ ਵਿਸ਼ੇ 'ਪਰਵਾਸ, ਸਮੱਸਿਆ ਤੇ ਸਮਾਧਾਨ' 'ਤੇ ਬੋਲਦਿਆਂ ਮੁੱਖ ਬੁਲਾਰੇ ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਜੋ ਆਦਿ ਕਾਲ ਤੋੰ ਮਨੁੱਖ ਅਤੇ ਹੋਰ ਜੀਵਾਂ ਨਾਲ ਤੁਰਿਆ ਆ ਰਿਹਾ ਹੈ ਅਤੇ ਇਹ ਮਨੁੱਖ ਦੀ ਤਰੱਕੀ ਦਾ ਕਾਰਨ ਵੀ ਬਣਦਾ ਹੈ ਪਰ ਕਿਸੇ ਭੈਅ ਵਸ ਹੋਇਆ ਪਰਵਾਸ ਨਰੋਆ ਨਹੀਂ ਹੁੰਦਾ ਹੈ। ਉਨ੍ਹਾਂ ਪੰਜਾਬ ਵਿੱਚੋੰ ਧੜਾਧੜ ਹੋ ਰਹੇ ਪਰਵਾਸ ਲਈ ਪੰਜਾਬ ਵਿੱਚ ਸਮੇ-ਸਮੇ ਤੇ ਰਹੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਲੋਕਾਂ ਨੇ ਸਰਕਾਰਾਂ ਤਾਂ ਬਦਲੀਆਂ ਪਰ ਸਰਕਾਰਾਂ ਨੇ ਰਾਜਨੀਤੀ ਨਹੀਂ ਬਦਲੀ ਜਿਸ ਕਰਕੇ ਲੋਕਾਂ ਵਿਚ ਅਸੁਰੱਖਿਆ ਦਾ ਡਰ ਵੀ ਵਧ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧਣ ਦਾ ਖ਼ਦਸ਼ਾ ਹੈ।
ਡਾ. ਕੁੁਲਦੀਪ ਪੁਰੀ ਨੇ ਵੀ ਸਿਖ਼ਰਾਂ ਛੂਹ ਰਹੀ ਬੇਰੋਜ਼ਗਾਰੀ ਅਤੇ ਅਸਥਿਰਤਾ ਨੂੰ ਅੰਧਾਧੁੰਦ ਪਰਵਾਸ ਦਾ ਕਾਰਨ ਦੱਸਿਆ ਅਤੇ ਰੁਲ਼ ਰਹੇ ਬੁਢਾਪੇ ਦੇ ਹਾਲ 'ਤੇ ਹਾਅ ਦਾ ਨਾਹਰਾ ਮਾਰਿਆ। ਇਸ ਤੋਂ ਮਗਰੋਂ ਦੀਪ ਦੇਵਿੰਦਰ ਵੱਲੋੰ ਸਨਮਾਨਤ ਕੀਤੀਆਂ ਜਾਣ ਵਾਲੀਆਂ ਸਖਸ਼ੀਅਤਾਂ ਬਾਰੇ ਜਾਣ-ਪਛਾਣ ਕਰਵਾਈ ਅਤੇ ਡਾ. ਜਗਰੂਪ ਸਿੰਘ ਸੇਖੋਂ ਨੂੰ ਡਾ. ਨਿਰਮਲ ਆਜ਼ਾਦ ਯਾਦਗਾਰੀ ਪੁਰਸਕਾਰ, ਪੰਮੀ ਦਿਵੇਦੀ ਨੂੰ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਅਤੇ ਗੁਰਮੀਤ ਆਰਿਫ਼ ਨੂੰ ਪ੍ਰਿੰ ਸੁਜਾਨ ਸਿੰਘ ਯਾਦਗਾਰੀ ਉਤਸਾਹ-ਵਰਧਕ ਪੁੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੋ ਸੈਲੇੰਦਰਜੀਤ ਰਾਜਨ, ਸਰਦਾਰਾ ਸਿੰਘ ਚੀਮਾ, ਡਾ. ਰਜਵਿੰਦਰ ਕੌਰ, ਗੁਰਮੀਤ ਬਾਜਵਾ ਅਤੇ ਬੂਟਾ ਰਾਮ ਆਜ਼ਾਦ ਨੇ ਵੀ ਵਿਚਾਰ ਰੱਖੇ।

ਬਲਦੇ ਰਾਹਾਂ ਦਾ ਸਫ਼ਰ ਮੱਖਣ ਕੁਹਾੜ, ਮਹਿਕਦੇ ਅਹਿਸਾਸ ਸ਼ੀਤਲ ਸਿੰਘ ਗੁੰਨੋਪੁਰੀ, ਡਿਜੀਟਲ ਸੰਸਾਰ ਦੇ ਪਾਸਾਰ ਡਾ. ਸਤਬੀਰ ਸਿੰਘ, ਤਾਰਿਆਂ ਦੀ ਗੁਜ਼ਰਗਾਹ ਗੁਰਭਜਨ ਗਿੱਲ, ਜੱਗਾ ਸੂਰਮਾ ਧਰਮ ਸਿੰਘ ਗੁਰਾਇਆ , ਮੋਹ ਦੀਆਂ ਤੰਦਾਂ ਸੈਲੇੰਦਰਜੀਤ ਸਿੰਘ ਰਾਜਨ ਅਤੇ ਜੀਓ ਅਤੇ ਜੀਣ ਦਿਓ ਰਾਮ ਲਾਲ ਭਗਤ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।

ਮੱਖਣ ਕੁਹਾੜ ਵੱਲੋਂ ਕੁਝ ਮਤੇ ਪੇਸ਼ ਕਰਕੇ ਬਿਜਲੀ ਸੋਧ ਬਿੱਲ, ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਵਰਗੀਆਂ ਕੁਚਾਲਾਂ ਅਤੇ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਤੋੰ ਇਲਾਵਾ ਕਿਸਾਨੀ ਘੋਲ ਦੀ ਹਮਾਇਤ ਦੇ ਮਤੇ ਪਾਸ ਕਰਵਾਏ ਗਏ। ਅਖੀਰ ਵਿੱਚ ਡਾ. ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਵੱਲੋਂ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ।

ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰ, ਬੁੱਧੀਜੀਵੀ ਅਤੇ ਹੋਰ ਚਿੰਤਨਸ਼ੀਲ ਹਸਤੀਆਂ ਨੇ ਹਾਜ਼ਰੀ ਭਰੀ ਅਤੇ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ, ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਪੂਰਨ ਚੰਦ, ਗੁਲਜ਼ਾਰ ਸਿੰਘ, ਪ੍ਰੇਮ ਨਾਥ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ,ਬਲਵੰਤ ਸਿੰਘ ਤੁੰਗ,ਗੁਰਵਿੰਦਰ ਸਿੰਘ ਜੀਵਨ ਚੱਕ,ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਜਗੀਰ ਸਿੰਘ ਸਲਾਚ, ਜਗਜੀਤ ਅਲੂਣਾ,‌ਬਲਬੀਰ ਬੈਂਸ, ਸੁੁਭਾਸ਼ ਦੀਵਾਨਾ, ਸੁਭਾਸ਼ ਬਾਵਾ, ਹੈੱਡਮਾਸਟਰ ਮਹਿੰਦਰ ਸਿੰਘ, ਕਰਮਜੀਤ ਕੌਰ, ਕੰਵਲਦੀਪ ਕੌਰ, ਨਿਸ਼ਾਨ ਸਿੰਘ ਜੌੜਾ ਸੰਘਾ, ਡਾ ਸੁਰਿੰਦਰ ਸਾਂਤ, ਸੁੱਚਾ ਸਿੰਘ ਪਸਨਾਵਾਲ, ਬਿਸ਼ਨ ਦਾਸ, ਕੁਲਮਿੰਦਰ ਕੌਰ, ਸੀਸ਼ਮ ਸਿੰਘ ਸੰਧੂ, ਹਰਪਾਲ ਸਿੰਘ ਨਾਗਰਾ, ਗੁਰਮੀਤ ਸਿੰਘ ਪਾਹੜਾ, ਕੁਲਰਾਜ ਸਿੰਘ ਖੋਖਰ, ਬਲਦੇਵ ਸਿੰਘ ਉਲਫ਼ਤ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।

7
430 views