logo

ਬਲਾਕ ਦੋਰਾਂਗਲਾ ਵਿੱਚ ਯੂਨੀਵਰਸਿਟੀ ਆਫ਼ ਟੁਰਕੂ, ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਵਾਪਸ ਆਏ ਸੋਨੂ ਕੁਮਾਰ ਦਾ ਕੀਤਾ ਗਿਆ ਗਰਮਜੋਸ਼ੀ ਨਾਲ ਸਵਾਗਤ

ਜਤਿੰਦਰ ਬੈਂਸ
ਗੁਰਦਾਸਪੁਰ, 01 ਦਸੰਬਰ
ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਨਿਰੰਤਰ ਸੁਧਾਰ ਲਈ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਇਸੇ ਕੜੀ ਹੇਠ ਸਕੂਲ ਸਿੱਖਿਆ ਵਿਭਾਗ ਨੇ ਹਾਲ ਹੀ ਵਿੱਚ 17 ਨਵੰਬਰ ਤੋਂ 27 ਨਵੰਬਰ ਤੱਕ ਫਿਨਲੈਂਡ ਦੀ ਪ੍ਰਸਿੱਧ ਯੂਨੀਵਰਸਿਟੀ ਆਫ਼ ਟੁਰਕੂ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਤੇ ਟ੍ਰੇਨਿੰਗ ਕਅੰਪ ਦਾ ਆਯੋਜਨ ਕੀਤਾ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 72 ਚੁਣੇ ਹੋਏ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਟ੍ਰੇਨਿੰਗ ਵਿੱਚ ਬਲਾਕ ਦੋਰਾਂਗਲਾ ਦੇ ਸੈਂਟਰ ਹੈਡ ਟੀਚਰ ਸੋਨੂ ਕੂਮਾਰ ਨੂੰ ਵੀ ਸ਼ਮੂਲੀਅਤ ਦਾ ਮੌਕਾ ਮਿਲਿਆ। ਟ੍ਰੇਨਿੰਗ ਪੂਰੀ ਕਰਕੇ ਅੱਜ ਜਦੋਂ ਉਹ ਵਾਪਸ ਦੋਰਾਂਗਲਾ ਪਹੁੰਚੇ ਤਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ, ਸੈਂਟਰ ਹੈਡ ਟੀਚਰਾਂ ਅਤੇ ਸੈਂਟਰ ਬਾਹਮਣੀ ਦੇ ਇੰਚਾਰਜ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।
ਸਵਾਗਤ ਸਮਾਰੋਹ ਦੌਰਾਨ ਗੱਲਬਾਤ ਕਰਦੇ ਹੋਏ ਸੋਨੂ ਕੁਮਾਰ ਨੇ ਦੱਸਿਆ ਕਿ ਫਿਨਲੈਂਡ ਵਿੱਚ ਉਨ੍ਹਾਂ ਨੂੰ ਅਧੁਨਿਕ ਸਿੱਖਣ-ਸਿਖਾਉਣ ਦੀਆਂ ਤਕਨੀਕਾਂ, ਵਿਚਾਰਧਾਰਾ, ਕਲਾਸਰੂਮ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੀ ਹੋਲਿਸਟਿਕ ਡਿਵੈਲਪਮੈਂਟ ਬਾਰੇ ਬੇਹੱਦ ਕੀਮਤੀ ਗਿਆਨ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਉਨ੍ਹਾਂ ਲਈ ਇੱਕ ਅਮੁੱਲਾ ਅਨੁਭਵ ਰਹੀ ਹੈ ਅਤੇ ਇਸ ਤੋਂ ਸਿੱਖਿਆ ਗਿਆ ਹਰ ਪੱਖ ਬਲਾਕ ਦੇ ਸਕੂਲਾਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਬਲਾਕ ਦੇ ਸਾਰੇ ਇੰਚਾਰਜ ਅਧਿਆਪਕਾਂ ਅਤੇ ਸੈਂਟਰ ਹੈਡ ਟੀਚਰਾਂ ਨਾਲ ਇੱਕ ਮੁਲਾਕਾਤ ਰੱਖੀ ਜਾਵੇਗੀ, ਜਿਸ ਵਿੱਚ ਉਹ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਨਵੀਆਂ ਸਿੱਖਿਆ ਪੱਧਤੀਆਂ ਦੀ ਟ੍ਰੇਨਿੰਗ ਵੀ ਦੇਣਗੇ। ਇਸ ਨਾਲ ਬਲਾਕ ਦੇ ਸਕੂਲਾਂ ਵਿੱਚ ਹੋਰ ਮਿਆਰੀ, ਬਿਹਤਰੀਨ ਅਤੇ ਵਿਦਿਆਰਥੀ ਕੇਂਦਰਿਤ ਸਿੱਖਿਆ ਦੇਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਸੈਂਟਰ ਹੈਡ ਟੀਚਰ ਸ਼ਸ਼ੀ, ਗੁਰਪ੍ਰੀਤ ਸਿੰਘ ਬਾਜਵਾ, ਅਤੁਲ ਮਹਾਜਨ, ਪ੍ਰਦੀਪ ਕੁਮਾਰ, ਰਵੀ ਕੁਮਾਰ, ਵਿਕਰਮਦੀਪ ਸਿੰਘ, ਰਮਣ ਕੁਮਾਰ, ਮਦਰ ਗੋਪਾਲ, ਸਰਬਜੀਤ ਕੌਰ ਅਤੇ ਹੈਡ ਟੀਚਰ ਮੀਨਾ ਕੁਮਾਰੀ ਸਮੇਤ ਕਈ ਅਧਿਆਪਕ ਮੌਜੂਦ ਸਨ।
ਸੋਨੂ ਕੁਮਾਰ ਦੀ ਇਸ ਪ੍ਰਾਪਤੀ ਨੂੰ ਪੂਰੇ ਬਲਾਕ ਦੋਰਾਂਗਲਾ ਲਈ ਮਾਣਮੱਤਾ ਦੀ ਘੜੀ ਮੰਨਿਆ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਅੰਤਰਰਾਸ਼ਟਰੀ ਟ੍ਰੇਨਿੰਗ ਦਾ ਲਾਭ ਸਿੱਧਾ ਬੱਚਿਆਂ ਦੀ ਗੁਣਵੱਤਾ ਵਾਲੀ ਸਿੱਖਿਆ ਨੂੰ ਪਹੁੰਚੇਗਾ।

27
1645 views