
ਪੰਜ ਰੋਜ਼ਾ ਨਾਟਕ ਮੇਲੇ ਦੇ ਪਹਿਲੇ ਦਿਨ ਨਾਟਕ ‘ ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਪੇਸ਼ਕਾਰੀ ਨੇ ਸਰੋਤੇ ਕੀਲ੍ਹੇ...
ਫ਼ਰੀਦਕੋਟ 21 ਨਵੰਬਰ (ਕੰਵਲ ਸਰਾਂ)-ਫ਼ਿਰਦੌਸ ਰੰਗਮੰਚ ਫ਼ਰੀਦਕੋਟ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵੱਲੋਂ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵਾਂ, ਪੰਜ ਰੋਜ਼ਾ ਨਾਟਕ ਮੇਲਾ ਓਪਨ ਏਅਰ ਥੀਏਟਰ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸ਼ੁਰੂ ਹੋਇਆ। ਫ਼ਿਰਦੌਸ ਰੰਗਮੰਚ ਦੇ ਸਰਪ੍ਰਸਤ ਡਾ.ਕੁਲਬੀਰ ਮਲਿਕ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਡਾਇਰੈਕਟਰ ਰਾਜਿੰਦਰ ਬੁਲਟ ਨੇ ਇਸ ਮੌਕੇ ਦੱਸਿਆ ਕਿ ਪੰਜੇ ਦਿਨ ਪੰਜਾਬ ਦੇ ਕੋਨੇ-ਕੋਨੇ ਤੋਂ ਉੱਚਕੋਟੀ ਦੇ ਨਾਟਕਕਾਰ ਆਪਣੇ ਨਾਟਕ ਲੈ ਕੇ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ 22 ਨਵੰਬਰ ਨੂੰ ਠੀਕ ਸ਼ਾਮ ਦੇ 7:00 ਵਜੇ, ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਕੈਂਟ ਵਲੋਂ ਨਾਟਕ ‘ਵੇਟਿੰਗ ਫ਼ਾਰ ਗੋਦੋ’ ਖੇਡਿਆ ਜਾਵੇਗਾ। ਉਨ੍ਹਾਂ ਸਮੂਹ ਕਲਾ ਪ੍ਰੇਮੀਆਂ ਨੂੰ ਇਸ ਨਾਟਕ ਮੇਲੇ ਨੂੰ ਮਾਨਣ ਵਾਸਤੇ ਖੁੱਲ੍ਹਾ ਸੱਦਾ ਵੀ ਦਿੱਤਾ । ਇਸ ਪੰਜ ਰੋਜ਼ਾ ਨਾਟਕ ਦੇ ਪਹਿਲੇ ਦਿਨ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ.ਰਾਜੇਸ਼ ਮੋਹਨ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਟਕ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਨਾਟਕ ਮੇਲੇ ਦੀ ਪ੍ਰਧਾਨਗੀ ਕਰਦਿਆਂ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਬੇਟੀਆਂ ਨੂੰ ਬੇਟਿਆਂ ਵਾਂਗ ਸਵੈ ਪ੍ਰਗਟਾਵੇ ਲਈ ਢੁੱਕਵੇਂ ਮੌਕੇ ਪ੍ਰਦਾਨ ਕਰਨਾ ਸਾਡਾ ਸਭ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਨਾਟਕ ਪੇਸ਼ ਕਰਨ ਵਾਲੀ ਟੀਮ ਨੂੰ ਬੇਹਰਤੀਨ ਪੇਸ਼ਕਾਰੀ ਲਈ ਵਧਾਈ ਦਿੰਦਿਆਂ ਨਾਟਕ ਮੇਲੇ ਦੇ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸੰਗੀਤਕਾਰ/ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸਪਨਾ ਕੰਵਲ, ਗੀਤਕਾਰ/ਗਾਇਕ ਸੁਰਜੀਤ ਗਿੱਲ, ਪ੍ਰੋ.ਗੁਰਸੇਵਕ ਸਿੰਘ, ਪ੍ਰੋ.ਸੰਦੀਪ ਸਿੰਘ, ਪ੍ਰੋ. ਬੀਰਇੰਦਰਜੀਤ ਸਿੰਘ ਸਰਾਂ, ਪ੍ਰੋ.ਜਸਬੀਰ ਕੌਰ, ਲੈਕਚਰਾਰ ਨਵਪ੍ਰੀਤ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਅਮਨਪ੍ਰੀਤ ਸਿੰਘ ਸ਼ੰਟੀ, ਸੇਵਾ ਮੁਕਤ ਸੁਪਰਡੈਂਟ ਸਿੱਖਿਆ ਵਿਭਾਗ ਸੁਰਜੀਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਸੁਰ ਆਂਗਣ ਦੇ ਕਲਾਕਾਰਾਂ ਨੇ ਸਾਹਿਤਕ ਗੀਤਾਂ ਨਾਲ ਮਾਹੌਲ ਨੂੰ ਖੂਬਸੂਰਤ ਬਣਾਇਆ। ਇਸ ਸਮੇਂ ਅਕਸ ਰੰਗਮੰਚ ਸਮਰਾਲਾ ਵਲੋਂ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਬਹੁਤ ਹੀ ਸਫ਼ਲ ਪੇਸ਼ਕਾਰੀ ਕੀਤੀ ਗਈ । ਪੰਜਾਬ ਦੇ ਨਾਮਵਰ ਨਾਟਕ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਖੇਡੇ ਇੱਕ ਪਾਤਰੀ ਨਾਟਕ ’ਚ ਅਦਾਕਾਰਾ ਨੂਰ ਕੰਵਲਜੀਤ ਕੌਰ ਨੇ ਕਰੀਬ ਪੌਣੇ ਦੋ ਘੰਟੇ ਦਮਦਾਰ ਅਦਾਕਾਰੀ ਕਰਦਿਆਂ ਹਾਜ਼ਰੀਨ ਨੂੰ ਕੀਲ੍ਹੀ ਰੱਖਿਆ। ਢੁੱਕਵਾਂ ਮੇਕਅੱਪ, ਸਟੇਜ ਸੈਟਿੰਗ, ਪਿਠਵਰਤੀ ਸੰਗੀਤ, ਸ਼ਾਨਦਾਰ ਲਾਈਟ ਦੇ ਪ੍ਰਭਾਵਾਂ ’ਚ ਇਸ ਪੇਸ਼ਕਾਰੀ ਨੂੰ ਦਰਸ਼ਕ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਹੋਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ। ਅੰਤ ’ਚ ਅਕਸ ਰੰਗਮੰਚ ਸਮਰਾਲਾ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਨਾਟਕ ਨੂੰ ਸਫ਼ਲ ਬਣਾਉਣ ਲਈ ਸਕੱਤਰ ਸਿਮਰਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ।