
ਲੜਕੀਆਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ 19 ਨਵੰਬਰ 2025
ਫ਼ਰੀਦਕੋਟ, 17 ਨਵੰਬਰ (ਨਾਇਬ ਰਾਜ )
ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਰੀਦਕੋਟ ਵੱਲੋਂ ਬੇਰੁਜ਼ਗਾਰ ਲੜਕੀਆਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਨ ਦੇ ਉਦੇਸ਼ ਨਾਲ 19 ਨਵੰਬਰ 2025 ਨੂੰ ਅਫਸਰ ਕਲੱਬ ਫ਼ਰੀਦਕੋਟ ਵਿਖੇ ਵਿਸ਼ੇਸ਼ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਕਾਰੋਬਾਰ ਤੇ ਰੋਜ਼ਗਾਰ ਬਿਊਰੋ ਅਫਸਰ ਸ. ਗੁਰਤੇਜ ਸਿੰਘ ਨੇ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਜਿਵੇਂ ਓਨ ਮਨੀ ਗਰੋਹ, ਵਰਧਮਾਨ ਲੁਧਿਆਣਾ, ਆਰਤੀ ਇੰਟਰਨੇਸ਼ਨਲ, ਇੰਡੀਆ ਜਾਬ ਕਾਰਟ, ਓਕੇ ਲਾਈਫ ਕੇਅਰ, ਰਾਮਾ ਸਕਿਲ, ਆਕਸੀਹਾਇਰ, ਐਸ.ਬੀ.ਆਈ ਲਾਈਫ, ਏਜਾਈਲ ਹਰਬਲ, ਇਵਾਨ ਸਕਿਉਰਟੀ, ਐਚ.ਡੀ.ਐਫ.ਸੀ ਲਾਈਫ, ਐਕਸਿਸ ਮੈਕਸ ਲਾਈਫ, ਸਕਾਈ ਇੰਟਰਨੇਸ਼ਨਲ, ਚਅਚੀਵਰ, ਐਲ.ਆਈ.ਸੀ., ਐਚ.ਬੀ. ਫਾਇਨੈਂਸ ਬਠਿੰਡਾ, ਸਤਿਆ ਮਾਈਕਰੋ ਕੈਪਿਟਲ ਲਿਮਿਟੇਡ, ਸਾਹਿਬ ਐਂਟਰਪਰਾਈਜ਼ਜ਼, ਟੈਲੀਪਰਫਾਰਮੈਂਸ ਵੱਲੋਂ ਇੰਟਰਵਿਊ ਲਈ ਜਾਣਗੇ।
ਉਨ੍ਹਾਂ ਕਿਹਾ ਕਿ ਮੇਲੇ ਵਿੱਚ 12ਵੀਂ ਪਾਸ ਅਤੇ ਗ੍ਰੈਜੂਏਟ ਉਮੀਦਵਾਰ ਹਾਜ਼ਰੀ ਲਗਵਾ ਸਕਦੇ ਹਨ। ਰੋਜ਼ਗਾਰ ਲਈ ਕੁੱਲ 500 ਤੋਂ ਵੱਧ ਅਸਾਮੀਆਂ ਉਪਲਬਧ ਹਨ। ਤਨਖਾਹ 8000 ਤੋਂ 40000 ਰੁਪਏ ਤੱਕ ਕੰਪਨੀ ਦੀ ਲੋੜੀਂਦੀ ਯੋਗਤਾ ਅਤੇ ਤਜਰਬੇ ਅਨੁਸਾਰ ਹੋਵੇਗੀ। ਤਜਰਬਾ 0 ਤੋਂ 1 ਸਾਲ ਅਤੇ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੈ। ਕੰਮ ਦੇ ਸਥਾਨਾਂ ਵਿੱਚ ਫ਼ਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਲੁਧਿਆਣਾ ਸ਼ਾਮਲ ਹਨ।
ਉਮੀਦਵਾਰ ਇੰਟਰਵਿਊ ਵਿੱਚ ਆਪਣੇ ਪੜ੍ਹਾਈ ਸਬੰਧੀ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋਆਂ ਅਤੇ ਰੀਜ਼ਿਊਮ ਨਾਲ ਪਹੁੰਚਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193 ’ਤੇ ਸੰਪਰਕ ਕੀਤਾ ਜਾ ਸਕਦਾ ਹੈ।