logo

ਬੀਐਸਐਫ ਦੀ ਵੱਡੀ ਸਫਲਤਾ: ਗੁਰਦਾਸਪੁਰ ਵਿੱਚ ਹਥਿਆਰਬੰਦ ਤਸਕਰ ਗਿਰਫ਼ਤਾਰ, ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ

ਜਤਿੰਦਰ ਬੈਂਸ
ਗੁਰਦਾਸਪੁਰ, 15 ਨਵੰਬਰ
ਸੀਮਾ ਸੁਰੱਖਿਆ ਬਲ (ਬੀਐਸਐਫ) ਗੁਰਦਾਸਪੁਰ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇੱਕ ਹਥਿਆਰਬੰਦ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 11.08 ਕਿਲੋਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ (ਬੀਐਸਐਫ) ਗੁਰਦਾਸਪੁਰ ਦੀ ਇੰਟੈਲੀਜੈਂਸ ਸ਼ਾਖਾ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਡੇਰਾ ਬਾਬਾ ਨਾਨਕ ਰੋਡ ਦੇ ਡੇਪਥ ਏਰੀਆ ਵਿੱਚ ਪਾਖੋਕੇ ਮਹੀਮਾਰਾ ਪਿੰਡ ਨੇੜੇ ਇੱਕ ਵਿਅਕਤੀ ਸ਼ੱਕੀ ਤਰੀਕੇ ਨਾਲ ਘੁੰਮ ਰਿਹਾ ਹੈ। ਜਿਸ 'ਤੇ ਕਾਰਵਾਈ ਕਰਦਿਆਂ ਉਸਨੂੰ ਕਾਬੂ ਕਰਕੇ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਵਿਅਕਤੀ ਛੇਹਰਟਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਦੀ ਤਲਾਸ਼ੀ ਦੌਰਾਨ ਇੱਕ ਪਿਸਤੌਲ ਸਮੇਤ ਮੈਗਜ਼ੀਨ, ਇੱਕ ਜ਼ਿੰਦਾ ਰੌਂਡ, ਇੱਕ ਮੋਬਾਈਲ ਫੋਨ ਅਤੇ 4,210 ਰੁਪਏ ਨਕਦ ਬਰਾਮਦ ਹੋਇਆ।
ਅੱਗੇ ਦੀ ਪੁੱਛਗਿੱਛ ਵਿੱਚ ਸ਼ੱਕੀ ਨੇ ਇੱਕ ਹੋਰ ਥਾਂ ਦੀ ਜਾਣਕਾਰੀ ਦਿੱਤੀ। ਜਿਸ ਦੇ ਆਧਾਰ 'ਤੇ ਬੀਐਸਐਫ ਜਵਾਨਾਂ ਨੇ ਵਿਸਤ੍ਰਿਤ ਤਲਾਸ਼ੀ ਅਭਿਆਨ ਚਲਾਇਆ। ਤਲਾਸ਼ ਦੌਰਾਨ ਇੱਕ ਮੋਟਰਸਾਈਕਲ ਅਤੇ ਹੈਰੋਇਨ ਦੇ 4 ਵੱਡੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ (ਪੈਕਿੰਗ ਸਮੇਤ) 11.08 ਕਿਲੋਗ੍ਰਾਮ ਪਾਇਆ ਗਿਆ।
ਇਹ ਪੈਕੇਟ ਪੀਲੇ ਚਿਪਕਣ ਵਾਲੇ ਟੇਪ ਨਾਲ ਲਪੇਟੇ ਹੋਏ ਸਨ। ਉੱਪਰ ਚਮਕੀਲੀਆਂ ਸਟ੍ਰਿਪਾਂ ਲੱਗੀਆਂ ਹੋਈਆਂ ਸਨ ਅਤੇ ਨਾਇਲੋਨ ਦੀ ਰੱਸੀ ਅਤੇ ਹੁਕ ਨਾਲ ਬੰਨੇ ਹੋਏ ਸਨ।
ਵੱਡੇ ਪੈਕੇਟ ਖੋਲ੍ਹਣ 'ਤੇ ਅੰਦਰੋਂ 20 ਛੋਟੇ ਪੈਕੇਟ ਮਿਲੇ, ਜਿਨ੍ਹਾਂ ਨੂੰ ਕਈ ਪਰਤਾਂ ਵਾਲੇ ਕੱਪੜੇ ਅਤੇ ਪਲਾਸਟਿਕ ਵਿੱਚ ਬਹੁਤ ਹੀ ਚਾਲਾਕੀ ਨਾਲ ਲੁਕਾਇਆ ਗਿਆ ਸੀ। ਬਰਾਮਦ ਸਮੱਗਰੀ ਨੂੰ ਕਾਨੂੰਨੀ ਕਾਰਵਾਈ ਲਈ ਥਾਣਾ ਡੀਬੀਐਨ ਦੇ ਹਵਾਲੇ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਕਿਹਾ ਕਿ ਬੀਐਸਐਫ ਆਪਣੀ ਪੇਸ਼ੇਵਰ ਖੁਫੀਆ ਕਾਰਗੁਜ਼ਾਰੀ, ਤਿੱਖੀ ਨਿਗਰਾਨੀ ਅਤੇ ਤੁਰੰਤ ਕਾਰਵਾਈ ਦੇ ਨਾਲ ਸਰਹੱਦ ਅਤੇ ਅੰਦਰੂਨੀ ਖੇਤਰ ਨੂੰ ਹਰ ਕਿਸਮ ਦੀ ਨਾਪਾਕ ਸਰਹੱਦੀ ਗਤੀਵਿਧੀ ਤੋਂ ਸੁਰੱਖਿਅਤ ਰੱਖਣ ਲਈ ਦ੍ਰਿੜ ਹੈ।

8
214 views