logo

ਕੈਂਸਰ ਅਤੇ ਤੰਬਾਕੂ ਸੰਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ :

ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੱਸੋਆਣਾ ਵਿਖੇ ਕੈਂਸਰ ਅਤੇ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਰਨਵੀਰ ਸਿੰਘ ਨੋਡਲ ਅਫਸਰ ਅਤੇ ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਕੈਂਸਰ ਦੇ ਸੰਭਾਵੀ ਕਾਰਨਾ ਅਤੇ ਇਲਾਜ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੇ ਨਸ਼ਾ ਜਿਵੇੰ ਕਿ ਤੰਬਾਕੂ,ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਨਸ਼ਾ ਕਰਨ ਨਾਲ ਮੂੰਹ ਦਾ ਕੈਂਸਰ, ਸਾਹ ਨਲੀ, ਗਲੇ, ਫੇਫੜਿਆ, ਅੰਤੜੀਆਂ ਅਤੇ ਪੇਟ ਦੇ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ। ਕੈਂਸਰ ਦੇ ਬਚਾਅ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣੀ ਰੋਜਾਨਾ ਜੀਵਨ ਸ਼ੈਲੀ ਵਿੱਚ ਬਦਲਾਵ ਕਰਦਿਆਂ ਪੌਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਭੋਜਨ ਵਿੱਚ ਫਲ ਸਬਜੀਆਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ।ਰੋਜ਼ਾਨਾ ਕਸਰਤ ਅਤੇ ਸੈਰ ਕਰਨੀ ਚਾਹੀਦੀ ਹੈ ਕੈਂਸਰ ਤੋਂ ਬਚਾਅ ਲਈ ਕਿਸੇ ਵੀ ਕਿਸਮ ਦੇ ਨਸ਼ੇ ਤੰਬਾਕੂ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਉਨਾਂ ਨੇ ਔਰਤਾਂ ਵਿੱਚ ਹੋਣ ਵਾਲੇ ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਛਾਤੀ ਵਿੱਚ ਗਿਲਟੀ, ਮਹਾਵਾਰੀ ਵਿੱਚ ਅਤੇ ਮਹਾਂਵਾਰੀ ਦੇ ਇਲਾਵਾ ਵਧੇਰੇ ਖੂਨ ਪੈਣਾ,ਪਿਸ਼ਾਬ ਜਾਂ ਪਖਾਨੇ ਰਸਤੇ ਖੂਨ ਆਉਣਾ ਆਦੀ ਕੈਂਸਰ ਦੇ ਸੰਭਾਵੀ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਦੀ ਜਲਦੀ ਪਹਿਚਾਣ ਹੀ ਇਸ ਦੇ ਇਲਾਜ ਵਿੱਚ ਸਹਾਈ ਹੋ ਸਕਦੀ ਹੈ। ਅਜਿਹੇ ਰੋਗਾਂ ਦੀ ਜਲਦੀ ਪਹਿਚਾਣ ਹਿਤ 30 ਸਾਲ ਤੋਂ ਉੱਪਰ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੀ ਮੁਕੰਮਲ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਫੰਡ ਰਾਹੀ ਕੈਂਸਰ ਦੇ ਮਰੀਜ਼ਾਂ ਨੂੰ ਡੇਢ ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।ਸਿਹਤ ਵਿਭਾਗ ਦੇ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਨਿਯੰਤਰਣ ਲਈ ਚਲਾਏ ਜਾ ਰਹੇ ਰਾਸ਼ਟਰੀ ਪ੍ਰੋਗਰਾਮ ਅਤੇ ਲਗਾਏ ਜਾ ਰਹੇ ਸਕਰੀਨਿੰਗ ਕੈਂਪਾਂ ਵਿੱਚ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਮੌਕੇ ਸਿਹਤ ਵਰਕਰ ਨਵਦੀਪ ਸਿੰਘ, ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸਨ।

13
542 views