ਬੀਪੀਈਓ ਰਕੇਸ਼ ਕੁਮਾਰ ਦੀ ਅਗਵਾਈ ਹੇਠ ਪਿੰਡ ਹੱਲਾ ਚਾਈਆ ’ਚ ਤੰਬਾਕੂ ਨੋਸ਼ੀ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋਗੁਰਦਾਸਪੁਰ, 31 ਅਕਤੂਬਰ ਤੰਬਾਕੂ ਨੋਸ਼ੀ ਵਰਗੀਆਂ ਬੁਰੀਆਂ ਆਦਤਾਂ ਤੋਂ ਸਮਾਜ ਨੂੰ ਬਚਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਹੱਲਾ (ਬਲਾਕ ਗੁਰਦਾਸਪੁਰ-2) ਵੱਲੋਂ ਇਕ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਬੀਪੀਈਓ ਕਮ ਨੋਡਲ ਅਫਸਰ ਸ੍ਰੀ ਰਕੇਸ਼ ਕੁਮਾਰ ਦੀ ਅਗਵਾਈ ਹੇਠ ਪਿੰਡ ਹੱਲਾ ਚਾਈਆ ਵਿੱਚ ਕੱਢੀ ਗਈ।ਰੈਲੀ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਭਰਪੂਰ ਹਿੱਸਾ ਲਿਆ। ਵਿਦਿਆਰਥੀਆਂ ਨੇ ਤੰਬਾਕੂ, ਸਿਗਰਟ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਖਿਲਾਫ ਨਾਰੇ ਲਗਾਏ ਜਿਵੇਂ ਕਿ — “ਤੰਬਾਕੂ ਛੱਡੋ, ਜੀਵਨ ਬਚਾਓ”, “ਨਸ਼ਾ ਮੁਕਤ ਪੰਜਾਬ ਸਾਡਾ ਸੁਪਨਾ” ਅਤੇ “ਸਿਹਤ ਹੈ ਸਭ ਤੋਂ ਵੱਡਾ ਧਨ”।ਰੈਲੀ ਦੌਰਾਨ ਬੀਪੀਈਓ ਰਕੇਸ਼ ਕੁਮਾਰ ਜੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾ ਸਿਰਫ਼ ਸਰੀਰਕ ਸਿਹਤ ਲਈ ਹਾਨਿਕਾਰਕ ਹੈ, ਸਗੋਂ ਇਸ ਨਾਲ ਪਰਿਵਾਰਕ ਅਤੇ ਸਮਾਜਕ ਜੀਵਨ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਰਾਹੀਂ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਨਸ਼ਾ-ਮੁਕਤ ਜੀਵਨ ਦੀ ਸੋਚ ਪੈਦਾ ਕਰਨੀ ਬਹੁਤ ਜ਼ਰੂਰੀ ਹੈ।ਇਸ ਮੌਕੇ ਸਕੂਲ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਰੈਲੀ ਪਿੰਡ ਦੀਆਂ ਮੁੱਖ ਗਲੀਆਂ ਰਾਹੀਂ ਗੁਜ਼ਰੀ ਅਤੇ ਪਿੰਡ ਵਾਸੀਆਂ ਨੇ ਵਿਦਿਆਰਥੀਆਂ ਦੇ ਜਜ਼ਬੇ ਦੀ ਭਰਪੂਰ ਸਰਾਹਨਾ ਕੀਤੀ।ਰੈਲੀ ਦੇ ਅੰਤ ਵਿੱਚ ਬੀਪੀਈਓ ਰਕੇਸ਼ ਕੁਮਾਰ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਾਲ਼ ਸਮਾਜ ਵਿਚ ਸਕਾਰਾਤਮਕ ਬਦਲਾਅ ਆਉਂਦੇ ਹਨ ਅਤੇ ਇਹ ਅਗਲੀ ਪੀੜ੍ਹੀ ਲਈ ਸਿਹਤਮੰਦ ਭਵਿੱਖ ਦੀ ਨੀਂਹ ਪਾਉਂਦੀਆਂ ਹਨ।