ਜ਼ਿਲ੍ਹਾ ਪੱਧਰੀ ਪ੍ਰੀ-ਪ੍ਰਾਇਮਰੀ ਵਰਕਸ਼ਾਪ ਦਾ ਸਫਲ ਆਯੋਜਨ
ਜਤਿੰਦਰ ਬੈਂਸਗੁਰਦਾਸਪੁਰ, 31 ਅਕਤੂਬਰਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ/ਸੈਕੰਡਰੀ) ਗੁਰਦਾਸਪੁਰ ਸ੍ਰੀ ਪਰਮਜੀਤ ਅਤੇ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਗੁਰਦਾਸਪੁਰ ਸ੍ਰੀ ਹਰਿੰਦਰ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਸਿੱਖਿਆ ਸਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪ੍ਰੀ-ਪ੍ਰਾਇਮਰੀ ਪੱਧਰ ’ਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਰੌਚਿਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕ ਰਿਸੋਰਸ ਪਰਸਨ ਅਤੇ ਰਿਸੋਰਸ ਪਰਸਨ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪਰਮਜੀਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰੀ-ਪ੍ਰਾਇਮਰੀ ਪੱਧਰ ਬੱਚਿਆਂ ਦੀ ਬੁਨਿਆਦ ਮਜ਼ਬੂਤ ਕਰਨ ਲਈ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਸਮੂਹ ਰਿਸੋਰਸ ਪਰਸਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਟ੍ਰੇਨਿੰਗ ਦੌਰਾਨ ਸਿੱਖੀਆਂ ਗੱਲਾਂ ਨੂੰ ਬਲਾਕ ਪੱਧਰ ਦੀਆਂ ਟ੍ਰੇਨਿੰਗ ਵਿੱਚ ਲਾਗੂ ਕਰਨ ਤੇ ਅਧਿਆਪਕਾਂ ਨੂੰ ਨਵੀਂ ਸਿੱਖਣ ਪ੍ਰਣਾਲੀ ਨਾਲ ਜੋੜਨ ਲਈ ਅਗਵਾਈ ਭੂਮਿਕਾ ਨਿਭਾਉਣ।ਵਰਕਸ਼ਾਪ ਦੌਰਾਨ ਰਿਸੋਰਸ ਪਰਸਨ ਦਲਜੀਤ ਸਿੰਘ ਅਤੇ ਵਿੱਕੀ ਨੇ ਪ੍ਰੀ-ਪ੍ਰਾਇਮਰੀ ਪਾਠਕ੍ਰਮ, ਕਲਾਸਰੂਮ ਪ੍ਰਬੰਧਨ, ਸਿੱਖਣ ਸਮੱਗਰੀ ਦੀ ਵਰਤੋਂ ਅਤੇ ਬੱਚਿਆਂ ਨਾਲ ਮਨੋਵਿਗਿਆਨਕ ਤੌਰ ’ਤੇ ਜੁੜਨ ਦੇ ਢੰਗਾਂ ਬਾਰੇ ਵਿਸਤਾਰ ਨਾਲ ਸਿਖਲਾਈ ਦਿੱਤੀ। ਉਨ੍ਹਾਂ ਨੇ ਖੇਡ-ਆਧਾਰਿਤ ਸਿੱਖਿਆ ਦੇ ਮਾਡਲ ਰਾਹੀਂ ਪ੍ਰੈਕਟੀਕਲ ਗਤੀਵਿਧੀਆਂ ਵੀ ਕਰਵਾਈਆਂ ਤਾਂ ਜੋ ਰਿਸੋਰਸ ਪਰਸਨ ਆਪਣੀ ਆਉਣ ਵਾਲੀ ਟ੍ਰੇਨਿੰਗ ਵਿੱਚ ਇਨ੍ਹਾਂ ਤਰੀਕਿਆਂ ਨੂੰ ਪ੍ਰਯੋਗਸ਼ੀਲ ਢੰਗ ਨਾਲ ਲਾਗੂ ਕਰ ਸਕਣ।ਅੰਤ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਪ੍ਰਾਪਤ ਗਿਆਨ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਵਿੱਚ ਨਿਸ਼ਚਤ ਤੌਰ ’ਤੇ ਸੁਧਾਰ ਲਿਆਵੇਗਾ। ਚਰਚਾ ਅਤੇ ਪ੍ਰਸ਼ਨੋੱਤਰ ਸੈਸ਼ਨ ਦੌਰਾਨ ਹਾਜ਼ਰ ਰਿਸੋਰਸ ਪਰਸਨਾਂ ਨੇ ਆਪਣੀਆਂ ਸਿੱਖਣ ਸਮੱਗਰੀ ਅਤੇ ਅਨੁਭਵ ਸਾਂਝੇ ਕੀਤੇ ਅਤੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੁਝਾਅ ਵੀ ਦਿੱਤੇ।