logo

ਆਨੰਦਪੁਰ ਸਾਹਿਬ ਦਾ ਮੁੱਦਾ ਸਰਗਰਮ ਹੈ। ਕਈਆਂ ਨੂੰ ਸਪਨੇ ਟੁੱਟਣ ਦਾ ਭਰਮ ਹੈ।।

ਹੁਸ਼ਿਆਰਪੁਰ: 29 ਅਕਤੂਬਰ,2025 (ਬੂਟਾ ਠਾਕੁਰ ਗੜ੍ਹਸ਼ੰਕਰ)
ਅਨੰਦਪੁਰ ਸਾਹਿਬ ਦੇ ਜਿਲ੍ਹਾ ਬਣਾਉਣ ਦੇ ਬਹੁ ਚਰਚਿਤ ਮੁੱਦੇ ਤੇ ਜੇਕਰ ਵਿਚਾਰ ਕੀਤਾ ਜਾਵੇ ਤਾਂ ਦੇਖਾ ਦੇਖੀ ਇਸਦੇ ਵਿਰੋਧ ਵਿੱਚ ਹੌਲੀ ਹੌਲੀ ਕਈ ਜਥੇਬੰਦੀਆਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੋ ਰਿਹਾ ਹੈ। ਖ਼ਦਸ਼ਾ ਇਹ ਹੈ ਕਿ ਤਹਿਸੀਲ ਗੜ੍ਹਸ਼ੰਕਰ ਦੇ ਕੁਛ ਪਿੰਡਾਂ ਨੂੰ ਖਾਸਕਰਕੇ ਬੀਤ ਇਲਾਕੇ (ਜਿਨ੍ਹਾਂ ਨੂੰ ਜਿਲ੍ਹਾ ਹੁਸ਼ਿਆਰਪੁਰ ਲਗਭਗ 60 ਕਿਲੋਮੀਟਰ ਤੋਂ ਵੀ ਵੱਧ ਦੂਰ ਹੈ) ਨੂੰ ਅਨੰਦਪੁਰ ਸਾਹਿਬ ਨਾਲ ਜੋੜਿਆ ਜਾ ਸਕਦਾ ਹੈ। ਜਿਸ ਨਾਲ ਰਾਜਨੀਤਕ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੂੰ ਆਪਣੇ ਵਜੂਦ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ। ਵਕੀਲਾਂ ਨੂੰ ਆਪਣੇ ਕੇਸਾਂ ਦਾ ਦਾਇਰਾ ਘਟਣ ਦਾ ਡਰ ਹੈ। ਵਿਰੋਧ ਵਿੱਚ ਇਹ ਰਾਗ ਅਲਾਪਣਾ ਕਿ ਹੁਸ਼ਿਆਰਪੁਰ ਜਿਲੇ ਨੂੰ ਛੋਟਾ ਕੀਤਾ ਜਾ ਰਿਹਾ ਹੈ ਪਰ ਇਹ ਤਰਕ ਇੰਨਾ ਮਾਹਿਨੇ ਨਹੀਂ ਰੱਖਦਾ ਕਿਉਂਕਿ ਅੱਜ ਦੇ ਯੁੱਗ ਵਿਚ ਰਿਆਸਤਾਂ ਦਾ ਪ੍ਰਚਲਨ ਨਹੀਂ ਹੈ ਬਲਕਿ ਸੀਮਿਤ ਜਿਲ੍ਹਾ ਉੱਚਤਮ ਵਿਕਾਸ,ਵਧੀਆ ਪ੍ਰਸਾਸ਼ਨ ਅਤੇ ਊਮਦਾ ਨਿਅੰਤਰਣ ਸੰਭਵ ਹੁੰਦਾ ਹੈ। ਇਥੇ ਸੋਚਣਾ ਬਣਦਾ ਹੈ ਕਿ ਆਮ ਜਨਤਾ ਨੂੰ ਤਾਂ ਸ਼ਾਇਦ ਹੀ ਕੋਈ ਬਹੁਤਾ ਫ਼ਰਕ ਜਾਂ ਤਕਲੀਫ਼ ਹੋਵੇ। ਪਰ ਵਿਰੋਧੀਆਂ ਦੀ ਚਿੰਤਾ ਸਾਫ ਹੈ। ਵਿਅਕਤੀਗਤ ਰਾਏ ਅਨੁਸਾਰ ਬੀਤ ਇਲਾਕਾ ਵਿਕਾਸ ਪੱਖੋਂ ਬਹੁਤ ਪਿੱਛੇ ਹੈ। ਰਾਜਨੀਤਕ ਗਲਿਆਰਿਆਂ ਦੀ ਨਜ਼ਰ ਤੋਂ ਹਮੇਸ਼ਾਂ ਅਣਗੌਲਿਆਂ ਹੀ ਕੀਤਾ ਗਿਆ ਹੈ। ਇਸਦੇ ਮੱਦੇਨਜ਼ਰ ਜੇਕਰ ਉਕਤ ਬੀਤ ਇਲਾਕੇ ਨੂੰ ਅਨੰਦਪੁਰ ਸਾਹਿਬ ਨੂੰ ਦਿੱਤਾ ਜਾਵੇ ਤਾਂ ਯਕੀਨਨ ਉਸਦਾ ਵਿਕਾਸ ਸੰਭਵ ਹੀ ਹੋਵੇਗਾ। ਕਿਉਂਕਿ ਇਸ ਇਲਾਕੇ ਨੂੰ ਅਨੰਦਪੁਰ ਸਾਹਿਬ ਦੀ ਦੂਰੀ ਲਗਭਗ 25 ਤੋਂ 30 ਕਿਲੋਮੀਟਰ ਹੀ ਹੈ, ਦੂਸਰਾ ਭਵਿੱਖ ਵਿਚ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਅਨੰਦਪੁਰ ਸਾਹਿਬ ਦੀ ਸਬ ਤਹਿਸੀਲ ਦੇ ਤੌਰ ਤੇ ਘੋਸ਼ਣਾ ਕਰਨ ਦੀ ਯੋਜਨਾ ਵੀ ਵਿਚਾਰੀ ਜਾ ਸਕਦੀ ਹੈ। ਇਸ ਲਈ ਵਿਰੋਧ ਦੀ ਤਿਲਾਂਜਲੀ ਦੇਕੇ ਵਿਕਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬੀਤ ਇਲਾਕੇ, ਨੀਮ ਪਹਾੜੀਆਂ ਦੇ ਵਸਿੰਦਿਆਂ ਨੂੰ ਵੀ ਮੌਕੇ ਦੀ ਨਜ਼ਾਕਤ ਅਨੁਸਾਰ ਆਪਣੇ ਇਲਾਕੇ ਦੇ ਵਿਕਾਸ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜੇਕਰ ਹੁਣ ਖੁੰਝ ਗਏ ਤਾਂ ਵਿਕਾਸ ਵੀ ਖੁੰਝਿਆ ਹੀ ਰਹਿ ਜਾਏਗਾ। ਇਸਤੋਂ ਪਹਿਲਾਂ ਕਿ ਮਤਲਬੀ ਲੋਕ ਹਾਵੀ ਹੋ ਜਾਣ ਉਸਤੋਂ ਪਹਿਲਾਂ ਹੀ ਜਾਗ ਜਾਓ।

70
3968 views