
ਪ੍ਰੋ.ਸਾਹਿਬ ਸਿੰਘ ਜੀ,ਬਰਸੀ ਤੇ ਵਿਸ਼ੇਸ਼
29 ਅਕਤੂਬਰ 1977 ਵਾਲੇ ਦਿਨ ਪੰਜਾਬ ਦੇ ਮਹਾਨ ਲੇਖਕ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿਆਕਰਣਕਾਰ, ਵਿਆਖਿਆਕਾਰ ਅਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਚੜ੍ਹਾਈ ਕਰ ਗਏ:
ਗੁਰਦੀਪ ਸਿੰਘ ਜਗਬੀਰ ( ਡਾ.)
ਪ੍ਰੋ. ਸਾਹਿਬ ਸਿੰਘ ਜੀ ਦਾ ਜਨਮ ਸਿਆਲਕੋਟ ਦੇ ਪਿੰਡ ਫਤੇਹਵਾਲੀ ( ਹੁਣ ਪਾਕਿਸਤਾਨ ) ਵਿੱਖੇ 16 ਫ਼ਰਵਰੀ 1893 ਨੂੰ ਇੱਕ ਹਿੰਦੂ ਪਰਿਵਾਰ ਵਿੱਚ, ਪਿਤਾ ਹੀਰਾ ਚੰਦ ਅਤੇ ਮਾਤਾ ਨਿਹਾਲ ਦੇਵੀ ਦੇ ਗ੍ਰਹਿ ਵਿਖੇ ਹੋਇਆ।ਆਪ ਜੀ ਦੇ ਪਿਤਾ ਹੀਰਾ ਚੰਦ ਇਸੇ ਹੀ ਪਿੰਡ ਵਿੱਚ ਕੇਰਾਨੇ ਦੀ ਦੁਕਾਨ ਕਰਦੇ ਸਨ। ਪਰਿਵਾਰ ਵਲੋਂ ਉਨ੍ਹਾਂ ਦਾ ਨਾਮ ਨੱਥੂ ਰਾਮ ਰਖਿਆ ਗਿਆ। ਬਾਲਕ ਨੱਥੂ ਰਾਮ ਨੂੰ ਚਾਰ ਵਰ੍ਹੇ ਦੀ ਉਮਰ ਵਿੱਚ, ਉਨ੍ਹਾਂ ਦੇ ਪਿਤਾ ਨੇ ਆਪ ਨੂੰ ਸ੍ਰੀ ਮੀਆਂ ਹਯਾਤ ਸ਼ਾਹ ਕੋਲ ਪੜ੍ਹਨ ਲਈ ਭੇਜਿਆ। ਮੀਆਂ ਹਯਾਤ ਸ਼ਾਹ ਉਸ ਜ਼ਮਾਨੇ ਦੇ ਇਕ ਪ੍ਰਸਿੱਧ ਪੰਜਾਬੀ ਕਵੀ ਹਾਸ਼ਮ ਸ਼ਾਹ ਦਾ ਪੁੱਤਰ ਸੀ। ਹਾਸ਼ਮ ਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਕਵੀ ਵੀ ਸੀ, ਇਓ ਇਹ ਸ਼ਾਹ ਖਾਨਦਾਨ ਉੱਚ ਕੋਟੀ ਦੇ ਵਿਦਵਾਨਾਂ ਦਾ ਖਾਨਦਾਨ ਸੀ।ਨੱਥੂ ਰਾਮ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਰੱਬ ਦਾ ਭੇਦ ਜਾਨਣ ਦੀ ਤਾਂਘ ਰੱਖਦਾ ਸੀ। ਪ੍ਰਾਇਮਰੀ ਸਕੂਲ ਤਕ ਵਿੱਦਿਆ ਹਾਸਲ ਕਰਨ ਮਗਰੋਂ ਅਗਲੀ ਉਚੇਰੀ ਵਿੱਦਿਆ ਦੇ ਲਈ ਗ਼ਰੀਬੀ ਅਾੜੇ ਆ ਗਈ ਤਾਂ ਹੋਣਹਾਰ ਵਿਦਿਆਰਥੀ ਹੋਣ ਦੇ ਨਾਤੇ ਆਪ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਮਿਡਲ ਸਕੂਲ ਦੀ ਪੜ੍ਹਾਈ ਹਾਸਲ ਕੀਤੀ।ਆਪ ਦਾ ਵਿਆਹ ਹਿੰਦੂ ਰੀਤਾਂ ਦੇ ਮੁਤਾਬਕ ਬੜੀ ਛੋਟੀ ਉਮਰੇ ਹੀ ਕਰ ਦਿੱਤਾ ਗਿਆ। ਆਪ ਉਸ ਵਕਤ ਮੁਸ਼ਕਿਲ ਦੇ ਨਾਲ 13 ਸਾਲਾਂ ਦੇ ਸਨ, ਜਦੋਂ ਗ੍ਰਹਿਸਤ ਦੀ ਜ਼ਿੰਮੇਵਾਰੀ ਸੰਭਾਲਣੀ ਪਈ। ਗ੍ਰਹਿਸਤ ਅਤੇ ਪੜ੍ਹਾਈ ਦੋਨ੍ਹੋ ਨਾਲੋਂ ਨਾਲ ਚਲਦੇ ਰਹੇ ਪਰ ਰੱਬ ਦੇ ਰਹਿਸ ਨੂੰ ਜਾਣਨ ਦੀ ਤਾਂਘ ਵੀ ਮਨ ਵਿੱਚ ਪੂਰੀ ਪ੍ਰਬੱਲ ਰਹੀ। ਆਖਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਧਿਆਨ ਦਾ ਮੌਕਾ ਮਿਲਿਆ ਤਾਂ ਇਉਂ ਜਾਪਿਆ ਕੇ ਰੱਬ ਨੂੰ ਪਾਣ ਦਾ ਇਕੋ ਇਕ ਤਰੀਕਾ ਹੈ ਜੋਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ ਅਤੇ ਉਹ ਹੈ ਨਾਮ।ਨਾਮ ਨੂੰ ਗੁਰੂ ਗ੍ਰੰਥ ਰਾਹੀਂ ਜਾਣਨ ਦੀ ਕੁਝ ਐਸੀ ਲਗਨ ਲਗੀ ਕੇ ਆਪ ਨੇ ਸਤੰਬਰ 1906 ਵਿਚ ਖੰਡੇ ਦੀ ਪਾਹੁਲ ਛਕੀ ਅਤੇ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਏ। ਆਪ ਨੇ ਹਾਈ ਸਕੂਲ ਤਕ ਵਿਦਿਆ, ਸਾਲ 1909 ਵਿਚ ਪੂਰੀ ਕੀਤੀ ਅਤੇ ਇਕ ਮਿਡਲ ਸਕੂਲ ਵਿਚ ਬਤੌਰ ਅਧਿਆਪਕ ਆਪਣੇ ਜੀਵਨ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪਰ ਉੱਚ ਵਿੱਦਿਆ ਹਾਸਲ ਕਰਨ ਦੀ ਹਸਰਤ ਪੂਰੀ ਕਰਣ ਦੇ ਲਈ, ਡਾਕਖਾਨੇ ਵਿੱਚ ਨੌਕਰੀ ਕਰਣ ਦੇ ਨਾਲੋ ਨਾਲ ਕਾਲਜ ਵਿਚ ਵੀ ਪੜਾਈ ਕਰਿਆ ਕਰਦੇ ਅਤੇ ਇੰਜ 1915 ਵਿਚ ਆਪਣੀ ਬੀ.ਏ. ਪਾਸ ਕਰਣ ਤੋਂ ਮਗ਼ਰੋਂ ਆਪ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਗੁਰਬਾਣੀ ਦੇ ਲੈਕਚਰਾਰ ਵਜੋਂ ਨਿਯੁਕਤ ਕੀਤਾ ਗਿਆ। ਜਿਥੇ ਆਪ ਨੇ 20 ਵਰ੍ਹੇ ਤੋਂ ਵੀ ਵੱਧ ਸਮਾਂ ਪੜਾਇਆ। ਇਸ ਸਮੇਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਹੋਰ ਡੂੰਘਾ ਅਤੇ ਗਹਿਰਾ ਅਧਿਐਨ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵ ਅਰਥਾਂ ਤੋਂ ਇਲਾਵਾ ਗੁਰਬਾਣੀ ਵਿਆਕਰਣ ਬਾਰੇ ਭਰਪੂਰ ਖੋਜ ਦਾ ਕਾਰਜ ਕੀਤਾ।
ਆਪ ਜੀ ਦੇ ਇਸ ਖੋਜ ਕਾਰਜ ਨੂੰ ਦੇਖਦਿਆਂ ਹੋਇਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਨੂੰ ਡਿਪਟੀ ਸੈਕਟਰੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਜੋ ਆਪ ਜੀ ਨੇ ਆਪਣੀ ਸੇਵਾ, ਲਗਨ, ਨਿਸ਼ਠਾ ਅਤੇ ਵਿਦਵਤਾ ਦੇ ਨਾਲ ਬਾਖੂਬੀ ਨਿਭਾਇਆ।ਸਾਲ 1922 ਵਿਚ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲਗਿਆ ਤਾਂ ਇਸ ਦੌਰਾਨ ਗ੍ਰਿਫ਼ਤਾਰੀ ਦੇ ਕੇ ਇੱਕ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਉਪਰੰਤ ਜੈਤੋ ਦੇ ਮੋਰਚੇ ਦੌਰਾਨ 1923 ਵਿੱਚ ਵੀ ਆਪ ਨੂੰ ਗ੍ਰਿਫਤਾਰ ਕੀਤਾ ਗਿਆ।
ਸਾਲ 1939 ਵਿਚ, ਆਪ ਨੇ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿਖੇ ਅਧਿਆਪਨ ਦਾ ਕੰਮ ਸ਼ੁਰੂ ਕੀਤਾ ਅਤੇ ਇਥੋਂ ਹੀ ਰਿਟਾਇਰ ਹੋਏ। ਰਿਟਾਇਰਮੈਂਟ ਤੋਂ ਬਾਅਦ,ਆਪ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਅਾਨਰੇਰੀ ਪ੍ਰੋਫ਼ੈਸਰ ਗੁਰਬਾਣੀ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। 1952 ਵਿੱਚ ਆਪ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਆਪ ਨੇ ਗੁਰਮਤਿ ਕਾਲਜ ਪਟਿਆਲਾ ਵਿਖੇ ਵੀ ਗੁਰਮਤਿ ਅਤੇ ਗੁਰਬਾਣੀ ਪੜਾਈ।
ਜਨਵਰੀ 1971 ਵਿੱਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡੀ. ਲਿਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ।
ਪ੍ਰੋ: ਸਾਹਿਬ ਸਿੰਘ ਹੁਣਾਂ ਨੇ 1 ਜਨਵਰੀ 1957 ਨੂੰ ਗੁਰੂ ਗ੍ਰੰਥ ਸਾਹਿਬ ਦਰਪਣ (ਸਟੀਕ) ਲਿਖਣ ਦਾ ਮਹਾਨ ਕਾਰਜ ਅਰੰਭ ਕੀਤਾ।ਇਸ ਟੀਕੇ ਦਾ ਸਾਨੀ ਅੱਜ ਵੀ ਕੋਈ ਨਹੀਂ ਹੈ ਅਤੇ ਇਹ ਕਾਰਜ 1961 ਦੇ ਆਖੀਰ ਵਿੱਚ ਮੁਕੰਮਲ ਹੋਇਆ। ਪੈਸੇ ਦੀ ਘਾਟ ਕਾਰਣ ਉਨ੍ਹਾਂ ਨੇ ਇਸ ਮਹਾਨ ਕਾਰਜ ਦੀ ਛਪਵਾਈ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਤਕ ਪਹੁੰਚ ਕੀਤੀ ਪਰ ਉਨ੍ਹਾਂ ਦੀ ਬੇਨਤੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਠੁਕਰਾ ਦਿੱਤਾ ਗਿਆ। ਪਰ ਇਸ ਪ੍ਰੋਜੈਕਟ ਨੂੰ ਪਾਰਖੂ ਅਖਾਂ ਨਾਲ "ਰਾਜ ਪ੍ਰਕਾਸ਼ਕ" ਨੇ ਦੇਖਿਆ ਅਤੇ ਜਲੰਧਰ ਦੇ ਸ੍ਰੀ ਸੋਹਣ ਲਾਲ ਜੀ ਖੰਨਾ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਵਲੋਂ ਕੀਤਾ ਇਹ ਮਹਾਨ ਕਾਰਜ ਅੱਜ ਸਿੱਖ ਵਿਦਵਾਨਾਂ, ਪ੍ਰਚਾਰਕਾਂ ਅਤੇ ਗੁਰਬਾਣੀ ਦੇ ਵਿਦਿਆਰਥੀਆਂ ਦੇ ਲਈ ਖੋਜ ਦਾ ਵਿਆਪਕ ਸ੍ਰੋਤ ਹੈ। ਇਹ ਇਕ ਅਜੇਹਾ ਯਾਦਗਾਰੀ ਕਾਰਜ ਹੋ ਨਿੱਬੜਿਆ ਹੈ ਜੋਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਧ ਪ੍ਰਮਾਣਿਕ ਅਤੇ ਸਟੀਕ ਵਿਆਖਿਆ ਮੰਨਿਆ ਜਾਂਦਾ ਹੈ।
ਆਪ ਜੀ ਦੀ ਦੂਸਰਾ ਬਹੁਤ ਮਹੱਤਵਪੂਰਣ ਖੋਜ ਕਾਰਜ ਗੁਰਬਾਣੀ ਵਿਆਕਰਣ ਹੈ ਜੋਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਅਤੇ ਸ਼ੈਲੀ ਪੱਖੋ ਇਕ ਮੀਲ ਪੱਥਰ ਹੈ।
ਪ੍ਰੋਫੈਸਰ ਸਾਹਿਬ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ 30 ਪੁਸਤਕਾਂ ਲਿਖੀਆਂ।ਪੰਥ ਨੂੰ ਇੰਨੀ ਵੱਡੀ ਦੇਣ,ਦੇਣ ਤੋਂ ਬਾਅਦ ਗੁਰੂ ਕਾ ਇਹ ਲਾਲ 29 ਅਕਤੂਬਰ, 1977 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ ਅਤੇ ਆਪਣੇ ਆਪ ਨੂੰ ਸਾਹਿਤ ਜਗਤ ਵਿੱਚ ਜਿਉਂਦਿਆਂ ਕਰ ਗਿਆ ਅਤੇ ਸਿੱਖਾਂ ਦੇ ਦਿਲਾਂ ਚ ਆਪਣੇ ਆਪ ਨੂੰ ਅਮਰ ਕਰ ਗਿਆ।