
ਬਲਵੰਤ ਸਿੰਘ ਖੁਰਦਪੁਰ
ਸੂਰਮੇ ਤਾਂ ਥੋੜਾ ਚਿਰ ਰਹਿੰਦੇ ਜੱਗ ਤੇ।
ਯਾਦਾਂ ਵਿਚ ਰਹਿੰਦੇ ਸਦਾ ਮੇਲੇ ਲੱਗਦੇ।
29 ਮਾਰਚ 1917 ਨੂੰ ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇੱਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿੱਚ 'ਆਖਰੀ ਮੁਲਾਕਾਤ' ਲਈ ਪਹੁੰਚੀ, ਤਦ ਉਸ ਨੂੰ ਦੱਸਿਆ ਗਿਆ ਕਿ ਕੱਲ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਉਸ ਮੌਕੇ 'ਤੇ ਜੇਲਰ ਨੇ ਬੀਬੀ ਕਰਤਾਰ ਕੌਰ ਨੂੰ ਭਾਈ ਸਾਹਿਬ ਜੀ ਦੇ ਨਿੱਜੀ ਸਾਮਾਨ ਵਿੱਚ ਜੋ ਕੁਝ ਸੌਂਪਿਆ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਸਾਹਿਬ। ਭਾਈ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਜਬਰ- ਜ਼ੁਲਮ ਤਸ਼ੱਦਦ, ਗੁਲਾਮੀ ਅਤੇ ਅਣ-ਮਨੁੱਖੀ ਵਰਤਾਰੇ ਖ਼ਿਲਾਫ਼ ਲੜ- ਮਰਨ ਦਾ ਸੀ। ਜਦੋਂ ਆਪ ਜੀ ਨੂੰ ਬੈਂਕਾਕ ਵਿੱਚ ਪਹਿਲੀ ਅਗਸਤ ਸੰਨ 1915 ਨੂੰ ਗਿਫ਼ਤਾਰ ਕੀਤਾ ਗਿਆ, ਉਸ ਵੇਲੇ ਵੀ ਆਪ ਜੀ ਕੋਲੋਂ ਜੋ ਜੇਬ ਡਾਇਰੀ ਮਿਲੀ, ਉਸ ਦੇ ਬਾਹਰ ਜ਼ਫ਼ਰਨਾਮਾ ਵਿੱਚੋਂ ਇਹ ਸ਼ਬਦ ਅੰਕਿਤ ਸਨ।
"ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥"
ਅੰਗਰੇਜ਼ ਸਾਮਰਾਜ ਦੀਆਂ ਬਦਨੀਤੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ 18 ਸਤੰਬਰ 1913 ਨੂੰ, ਸ਼ਿਮਲੇ 'ਚ ਇੱਕ ਮੀਟਿੰਗ ਦੌਰਾਨ, ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੇ ਮੂੰਹ 'ਤੇ ਕੀਤੀ ਸੀ, ਤਾਂ ਉਸ ਨੂੰ ਜਿਵੇਂ ਦੰਦਲ ਹੀ ਪੈ ਗਈ ਸੀ। ਇਸੇ ਹੀ ਕਾਰਨ ਉਸ ਨੇ ਆਪਣੀ ਕਿਤਾਬ 'ਇੰਡੀਆ ਐਜ਼ ਆਈ ਨਿਊ' ਦੇ ਪੰਨਾ 191'ਤੇ ਲਿਖਿਆ ਕਿ ਮੁਲਾਕਾਤੀਆਂ ਵਿੱਚੋਂ 'ਤੀਸਰੇ ਬੰਦੇ' (ਭਾਈ ਬਲਵੰਤ ਸਿੰਘ ਖੁਰਦਪੁਰ) ਦੇ ਤਰੀਕੇ 'ਖ਼ਤਰਨਾਕ' ਬਾਗ਼ੀ ਵਰਗੇ ਸਨ ਤੇ ਉਸ ਵਾਇਸਰਾਏ ਨੂੰ ਮਿਲਣ ਜਾ ਰਹੇ ਸੀ, ਜਿਸ ਤੋਂ ਖਾਸ ਤੌਰ 'ਤੇ 'ਇਸ ਮੈਂਬਰ' ਪ੍ਰਤੀ ਸਾਵਧਾਨੀ ਵਰਤਣ ਲਈ ਕਿਹਾ ਗਿਆ।
ਗ਼ਦਰੀ ਸੂਰਮਿਆਂ ਦੇ ਅਖ਼ਬਾਰ 'ਕਿਰਤੀ' 1926 ਦੇ ਅੰਕ ਦੇ ਪੰਨਾ 14 ਉੱਪਰ ਲਿਖਿਆ ਹੈ ਕਿ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਨੇ ਭਾਈ ਬਲਵੰਤ ਸਿੰਘ ਹੁਰਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਨੂੰ 'ਕੇਵਲ ਸਿੱਖਾਂ ਦਾ ਮਸਲਾ' ਕਹਿਕੇ ਉਹਨਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਿਚਲੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਵੀ ਭਾਈ ਸਾਹਿਬ ਦੇ ਇਤਿਹਾਸਕ ਯਤਨਾਂ ਦੀ ਵਿਰੋਧਤਾ ਕਰਕੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਕਾਰਨ ਹੀ ਕੁਝ ਸਮਾਂ ਮਗਰੋਂ ਸਿੱਖ ਸੰਗਤਾਂ ਵੱਲੋਂ ਗੁਰਮਤਾ ਕਰਕੇ ਅਜਿਹੇ ਵਿਅਕਤੀਆਂ ਨੂੰ ਪੰਥ ਅਤੇ ਕੌਮ ਦੇ ਗ਼ਦਾਰ ਐਲਾਨਿਆ ਗਿਆ।
ਇਤਿਹਾਸਕ ਸਰੋਤਾਂ ਅਨੁਸਾਰ ਇਨ੍ਹਾਂ ਗੁਰਮਤਿਆਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰਦਿਆਂ ਗਦਰੀ ਯੋਧਿਆਂ, ਕਾਮਾਗਾਟਾ ਮਾਰੂ ਦੇ ਮੁਸਾਫਰਾਂ, ਕੈਨੇਡਾ ਤੋਂ ਆਏ ਸਿੱਖ ਜੱਥਿਆਂ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸੁੰਦਰ ਸਿੰਘ ਮਜੀਠੀਏ, ਅਰੂੜ ਸਿੰਘ ਸਰਬਰਾਹ ਅਤੇ ਗੁਰਬਖਸ਼ ਸਿੰਘ ਸਕੱਤਰ ਸਿੱਖ ਲੀਗ ਵਰਗਿਆਂ ਨੂੰ ਤਨਖਾਹੀਏ ਕਰਾਰ ਦੇ ਕੇ, ਉਨ੍ਹਾਂ ਨੂੰ 'ਭਾਈ' ਜਾਂ 'ਸਰਦਾਰ' ਸ਼ਬਦ ਨਾਲ ਸੰਬੋਧਨ ਨਾ ਕਰਨ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਵੱਲੋਂ ਮਾਈਕਲ ਓਡਵਾਇਰ ਫੰਡ ਵਿੱਚ, 'ਵੀਹ ਹਜ਼ਾਰ ਰੁਪਏ' ਜਮ੍ਹਾਂ ਕਰਵਾਉਣ ਦੀ ਕਾਰਵਾਈ ਲਈ ਲਾਹਨਤਾ ਪਾਈਆਂ ਗਈਆਂ। 'ਸਰ' ਸੁੰਦਰ ਸਿੰਘ ਮਜੀਠੀਆ ਮਾਈਕਲ ਓਡਵਾਇਰ ਲਈ ਫੰਡ ਇਕੱਠਾ ਕਰਨ ਵਾਲੀ ਕਮੇਟੀ ਦਾ ਮੁਖੀ ਸੀ।
ਅੰਗਰੇਜ਼ ਹਕੂਮਤ ਨੇ ਪਹਿਲਾਂ ਸਿੰਗਾਪੁਰ ਅਤੇ ਫਿਰ ਕਲਕੱਤੇ ਸਥਿਤ ਅਲੀਪੁਰ ਜੇਲ੍ਹ ਵਿੱਚ ਭਾਈ ਸਾਹਿਬ 'ਤੇ ਭਾਰੀ ਤਸ਼ੱਦਦ ਕੀਤਾ। ਜੁਲਾਈ 1916 ਵਿੱਚ ਆਪ ਨੂੰ ਪੰਜਾਬ ਲਿਜਾ ਕੇ 'ਲਾਹੌਰ ਸੈਕਿੰਡ ਸਪਲੀਮੈਂਟਰੀ ਸਾਜ਼ਿਸ਼' ਮੁਕੱਦਮੇ ਅਧੀਨ ਪੇਸ਼ ਕੀਤਾ ਗਿਆ। ਬੇਲਾ ਜਿਆਣ ਗ਼ੱਦਾਰ ਵੈਨਕੂਵਰ ਦੇ ਸਾਥੀ 'ਟਾਊਟ ਗੰਗਾ ਰਾਮ' ਦੇ ਭਰਾ ਅਮਨ ਸਹੋਤਾ, ਮੰਗਲ ਜਿਆਣ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਦੇ ਆਧਾਰ ਤੇ ਭਾਈ ਸਾਹਿਬ ਨੂੰ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਅਤੇ ਗ਼ਦਰ ਮਚਾਉਣ ਵਾਲੇ ਲੋਕਾਂ ਦੇ ਆਗੂ ਵਜੋਂ ਭਾਰਤ 'ਚ ਬਗਾਵਤ ਤੇ ਕਤਲ ਕਰਵਾਉਣ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ, ਇੰਡੀਅਨ ਪੈਨਲ ਕੋਡ ਅਨੁਸਾਰ ਸਜ਼ਾ- ਏ -ਮੌਤ ਸੁਣਾਈ ਗਈ ਅਤੇ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।
ਸਿੰਘ ਸਾਹਿਬ ਸ਼ਹਾਦਤ ਪਾਉਣ ਤੱਕ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਦੀ ਇਹ ਸ਼ਬਦ ਜ਼ਿਕਰਯੋਗ ਹਨ : "ਰਾਜਸੀ ਮੌਤ ਮਰਨ ਨਾਲ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਭੈਅ ਨਹੀਂ।" ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ 'ਤਾਰਾ ਮੰਡਲ ਦਾ ਚੰਦ' ਕਹਿ ਕੇ ਗਦਰ ਇਤਿਹਾਸ ਵਿੱਚ ਸਤਿਕਾਰਿਆ ਗਿਆ ਹੈ। ਦੁਖਾਂਤ ਇਸ ਗੱਲ ਦਾ ਹੈ ਕਿ ਅਜੇ ਤੱਕ ਨਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹੀ ਅਤੇ ਨਾ ਹੀ ਪੰਜਾਬ ਦੇ ਸੰਘਰਸ਼ ਲਈ ਇਤਿਹਾਸ ਵਿੱਚ, ਭਾਈ ਬਲਵੰਤ ਸਿੰਘ ਨੂੰ ਬਾਰੇ ਕੁਝ ਲਿਖਿਆ ਮਿਲਦਾ ਹੈ। ਸਿਆਸੀ ਆਗੂਆਂ ਦੇ ਜਨਮ- ਮੌਤ ਵਾਲੇ ਦਿਨ 'ਤੇ ਇਸ਼ਤਿਹਾਰ ਜਾਰੀ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ, ਅੱਜ ਤਕ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਸ਼ਹੀਦੀ ਦਿਨ 'ਤੇ ਕੋਈ ਸੂਚਨਾ ਜਾਂ ਇਸ਼ਤਿਹਾਰ ਨਹੀਂ ਜਾਰੀ ਕੀਤਾ ਗਿਆ।।