
ਮੁਲਕਾਂ ਦੀ ਤਰੱਕੀ ਪਿੱਛੇ ਆਬਾਦੀ ਦਾ ਹੱਥ
ਪਹਿਲੀ ਨਜ਼ਰ ਚ ਚੀਨ ਦੀ ਤਰੱਕੀ ਪਿੱਛੇ ਚੀਨ ਦੀ ਅਬਾਦੀ ਤਾਂ ਨਜ਼ਰ ਆਉਂਦੀ ਆ, ਪਰ ਇਹ ਪੂਰੀ ਕਹਾਣੀ ਨਹੀ । ਇਸ ਵਿੱਚ ਕੋਈ ਸ਼ੱਕ ਨਹੀ ਚੀਨ ਦੀ ਤਰੱਕੀ ਲਈ ਅਬਾਦੀ ਇੱਕ ਮਹੱਤਵਪੂਰਨ ਟੂਲ ਤਾਂ ਬਣੀ, ਪਰ ਅਬਾਦੀ ਨੂੰ ਟੂਲ ਬਣਾਉਣ ਲਈ ਹੋਰ ਵੀ ਬਹੁਤ ਕੁਛ ਚਾਹੀਦਾ ਹੁੰਦਾ । ਜਿਵੇਂ ਬਿੰਨ ਕਾਰਤੂਸ ਖਾਲੀ ਬੰਦੂਕ ਟੰਬੇ ਤੋਂ ਵੱਧ ਕੁਛ ਨਹੀ ਹੁੰਦੀ, ਓਵੇਂ ਹੀ ਬਿੰਨ ਸਰਮਾਏ ਦੇ ਅਬਾਦੀ ਵੀ ਕਿਸੇ ਕੰਮ ਦੀ ਨਹੀ ਹੁੰਦੀ । ਰੁਜ਼ਗਾਰ ਪੈਦਾ ਕਰਨ ਲਈ ਸਭ ਤੋਂ ਪਹਿਲੀ ਚੀਜ਼ ਜੋ ਚਾਹੀਦੀ ਹੁੰਦੀ ਆ, ਉਹ ਹੁੰਦੀ ਆ ਸਰਮਾਇਆ, ਮਤਲਬ ਪੈਸਾ । ਸਰਮਾਇਆ ਕੋਲ ਨਾ ਹੋਵੇ ਤਾਂ ਸਭ ਤੋਂ ਪਹਿਲਾ ਸੁਆਲ ਏਹੀ ਖੜਾ ਹੋ ਜਾਂਦਾ ਰੁਜ਼ਗਾਰ ਪੈਦਾ ਕਰਨ ਲਈ ਸਰਮਾਇਆ ਆਊ ਕਿੱਥੋਂ !
ਜੇ ਗੱਲ ਕਰੀਏ ਚੀਨ ਤੇ ਇੰਡੀਆ ਦੀ... ਸੰਨ 1950 ਵਿੱਚ ਚੀਨ ਦੀ ਅਬਾਦੀ 55 ਕਰੋੜ ਦੇ ਆਸ-ਪਾਸ ਸੀ ਤੇ ਇੰਡੀਆ ਦੀ ਤਕਰੀਬਨ 34-35 ਕਰੋੜ ਦੇ ਕਰੀਬ । ਸਰਮਾਏ ਪੱਖੋਂ ਦੋਹਾਂ ਮੁਲਖਾਂ ਦੇ ਹੀ ਹਾਲਾਤ ਬਹੁਤ ਪਤਲੇ ਸਨ । ਖੇਤਰਫਲ ਦੇ ਹਿਸਾਬ ਨਾਲ ਵੇਖੀਏ ਤਾਂ ਚੀਨ ਦਾ ਖੇਤਰਫਲ ਇੰਡੀਆ ਨਾਲੋਂ ਤਕਰੀਬਨ ਤਿੱਗਣਾ । ਚੀਨ ਕਮਿਊਨਿਸਟ ਧਾਰਨਾ ਦਾ ਰਾਹੀ ਸੀ ਤੇ ਇੰਡੀਆ ਡੈਮੋਕ੍ਰੇਟਿਕ ਸਿਸਟਮ ਦਾ । ਇੰਡੀਆ ਨੂੰ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ 1947 ਚ ਮਿਲੀ ਤੇ ਚੀਨ ਨੂੰ 1949 ਵਿੱਚ, ਅਜ਼ਾਦੀ ਮਿਲਣ ਤੋਂ 40-45 ਸਾਲ ਬਾਅਦ ਤੱਕ ਦੋਹਾਂ ਦੇਸ਼ਾਂ ਦੇ ਆਰਥਿਕ ਪੱਖੋਂ ਡਾਵਾਂਡੋਲ ਰਹਿਣ ਦੇ ਬਾਵਜੂਦ ਵੀ ਦੋਹਾਂ ਦੇਸ਼ਾਂ ਦੀ ਅਬਾਦੀ ਲਗਾਤਾਰ ਵੱਧਦੀ ਗਈ ।
1990 ਤੋਂ 2000 ਦੇ ਦਹਾਕੇ ਚ ਵੈਸਟਰਨ ਦੇਸ਼ਾਂ ਚ ਲੱਗੀ ਮੈਨੂਫੈਕਚਰਿੰਗ ਇੰਡਸਟ੍ਰੀ ਚ ਮਾਈਗਰੇਸ਼ਨ ਲਈ ਇੱਕ ਹਿਲਜੁਲ ਸ਼ੁਰੂ ਹੁੰਦੀ ਆ । ਮਾਈਗ੍ਰੇਸ਼ਨ ਲਈ ਅਬਾਦੀ ਪੱਖੋਂ ਮੋਹਰੀ ਦੋ ਦੇਸ਼ ਚੁਣੇ ਜਾਂਦੇ ਨੇ, ਇੰਡੀਆ ਤੇ ਚੀਨ । ਲੰਮੀ ਦੇਰ ਦੀ ਗੁਲਾਮੀਂ ਹੰਢਾ ਚੁੱਕਿਆ ਇੰਡੀਆ ਦਾ ਡੈਮੋਕ੍ਰੇਟਿਕ ਸਿਸਟਮ ਮੁੜ ਗੁਲਾਮ ਹੋਣ ਡਰੋਂ ਵਿਦੇਸ਼ੀ ਨਿਵੇਸ਼ ਲਈ ਨੰਗੀ ਤਲਵਾਰ ਦੀ ਧਾਰ ਉੱਪਰ ਤੁਰਨ ਦਾ ਜੇਰਾ ਨਹੀ ਕੱਢ ਪਾਉਂਦਾ । ਇੱਕ ਪਾਰਟੀ ਦੇ ਗਵਰਨਿੰਗ ਸਿਸਟਮ ਨਾਲ ਚੱਲ ਰਿਹਾ ਕਮਿਊਨਿਸਟ ਮੁਲਕ ਚੀਨ ਓਸੇ ਤਲਵਾਰ ਦੀ ਧਾਰ ਉੱਪਰ ਤੁਰਨ ਦਾ ਜਿਗਰਾ ਵੀ ਕੱਢ ਲੈਂਦਾ ਤੇ ਸਮੇਂ ਦੇ ਬਦਲਾਵ ਲਈ ਰਾਜ਼ੀ ਵੀ ਹੋ ਜਾਂਦਾ । ਸਾਲ 1995 ਚ WTO ਵਰਲਡ ਟਰੇਡ ਔਰਗੇਨਾਈਜੇਸ਼ਨ ਨਾਉਂ ਦੀ ਸੰਸਥਾ ਹੋਂਦ ਚ ਆਉਂਦੀ ਆ । ਵੈਸਟਰਨ ਦੇਸ਼ ਚੀਨ ਨਾਲ ਫ੍ਰੀ ਟਰੇਡ ਦੀ ਟਰੀਟੀ ਸਾਈਨ ਜਾਂਦੇ ਨੇ । ਦੁਨੀਆ ਭਰ ਦੀ ਮੈਨੂਫੈਕਚਰਿੰਗ ਇੰਡਸਟ੍ਰੀ ਚੀਨ ਦਾ ਰੁਖ ਕਰ ਜਾਂਦੀ ਆ ।
ਸ਼ੁਰੂਆਤੀ ਦੌਰ ਚ ਚੀਨ ਕੋਲ ਮੈਨੂਫੈਕਚਰਿੰਗ ਇੰਡਸਟ੍ਰੀ ਨੂੰ ਚਲਾਉਣ ਲਈ ਸਸਤੀ ਲੇਬਰ ਦੇਣ ਤੋਂ ਇਲਾਵਾ ਸਿਰਫ ਵਿਦੇਸ਼ੀ ਨਿਵੇਸ਼ ਲਈ ਬੇਹਤਰ ਨਿਵੇਸ਼ ਨੀਤੀਆਂ ਹੀ ਸਨ । ਪਹਿਲੇ ਦੋ ਦਹਾਕਿਆਂ ਦੌਰਾਨ 1990 ਤੋਂ 2010 ਤੱਕ, ਮੁਲਖ ਚ ਆ ਰਹੀ ਇੰਡਸਟ੍ਰੀ ਨੂੰ ਚਲਾਉਣ ਲਈ ਚੀਨ ਪੂਰੀ ਐਨਰਜੀ ਵੀ ਨਹੀ ਦੇ ਪਾ ਰਿਹਾ ਸੀ, ਆਏ ਦਿਨ ਬਲੈਕ-ਆਊਟ ਹੁੰਦੇ ਰਹਿੰਦੇ ਸਨ । ਚੀਨ ਨੇ ਬਿਜਲੀ ਪੈਦਾ ਕਰਨ ਲਈ ਅੰਨ੍ਹੀ ਦੀ ਥੇਹ ਕੋਇਲਾ ਫੂਕਿਆ, ਪਰ ਮੁਲਖ ਚ ਆ ਰਹੀ ਮੈਨੂਫੈਕਚਰਿੰਗ ਇੰਡਸਟ੍ਰੀ ਨੂੰ ਨਾਂਹ ਨਹੀ ਕੀਤੀ, 2010 ਦੇ ਆਉਂਦੇ ਆਉਂਦੇ ਮੁਲਖ ਪ੍ਰਦੂਸ਼ਣ ਦਾ ਘਰ ਬਣ ਗਿਆ । ਇਸ ਸਮੇਂ ਦੌਰਾਨ ਚੀਨ ਚ ਇੱਕ ਪਾਰਟੀ ਸਰਕਾਰ, ਚੀਨ ਚ ਮਨੁੱਖੀ ਲੇਬਰ ਦੀ ਤਰਸਯੋਗ ਹਾਲਤ, ਚੀਨ ਚ ਹੱਦੋਂ ਵੱਧ ਪ੍ਰਦੂਸ਼ਣ, ਚੀਨ ਚ ਵੀਗਰ ਮੁਸਲਿਮ ਦੀ ਨਸਲਕੁਸ਼ੀ ਦੇ ਨਾਉਂ ਤੇ ਵੈਸਟਰਨ ਮੁਲਖਾਂ ਦੇ ਮੁੱਖਧਾਰਾ ਮੀਡੀਏ ਦੀਆਂ ਸੁਰਖੀਆਂ ਅਤੇ ਸਿਆਸਤਦਾਨ ਦੇ ਪ੍ਰਾਪੇਗੰਡੇ ਦੇ ਸਿਖਰ ਤੇ ਰਿਹਾ । ਪਰ ਚੀਨ ਬਿੰਨ ਕੋਈ ਜੁਆਬ ਤਲਬੀ ਕੀਤੇ ਬੇਪ੍ਰਵਾਹ ਹੋ ਚੱਲਦਾ ਗਿਆ ।
2008 ਚ ਆਏ ਵਿਸ਼ਵ ਆਰਥਿਕ ਮੰਦੇ ਦੇ ਦੌਰਾਨ ਅਮੈਰੀਕਾ ਦੀਆਂ ਦਿਵਾਲੀਆ ਹੋ ਰਹੀਆਂ ਬੈਂਕਾਂ ਨੂੰ ਬਚਾਉਣ ਲਈ ਅਮੈਰੀਕਾ ਨੂੰ ਦੋ ਟਰਿਲੀਅਨ ਡਾਲਰ ਦੇਣ ਵਾਲਾ ਚੀਨ 2008 ਤੋਂ ਬਾਅਦ ਮੁਲਖ ਦੇ ਇੰਫਰਾਸਟਰੱਕਚਰ ਚ ਕ੍ਰਾਂਤੀਕਾਰੀ ਬਦਲਾਅ ਦੇ ਰਾਹ ਹੋ ਤੁਰਦਾ । ਵੱਡੇ ਵੱਡੇ ਹਾਈਵੇਅ, ਰੇਲ ਟ੍ਰੈਕ, ਏਅਰਪੋਰਟ, ਡੈਮ, ਹਾਈਰਾਈਜ਼ ਬਿਲਡਿੰਗਾਂ ਬਣਨ ਲੱਗਦੀਆਂ ਨੇ, ਐਜੂਕੇਸ਼ਨ ਅਤੇ ਰਿਸਰਚ ਉੱਪਰ ਦੱਬਕੇ ਕੰਮ ਹੋਣ ਲੱਗਦਾ ।
ਮੁੱਕਦੀ ਗੱਲ, ਚੀਨ ਅੱਜ ਦੁਨੀਆ ਦਾ ਧੰਨਾ ਸੇਠ ਆ ਇਸ ਵਿੱਚ ਕੋਈ ਦੋ ਰਾਵਾਂ ਨਹੀ ਤੇ ਚੀਨ ਨੂੰ ਧੰਨਾ ਸੇਠ ਬਣਾਉਣ ਪਿੱਛੇ ਚਾਇਨੀਜ਼ ਸਿਆਸਤਦਾਨਾਂ ਦੀ ਦੂਰਅੰਦੇਸ਼ੀ, ਸਮਝ, ਇਮਾਨਦਾਰੀ, ਹੌਂਸਲੇ ਦੇ ਨਾਲ-ਨਾਲ 140 ਕਰੋੜ ਚਾਇਨੀਜ਼ ਲੋਕਾਂ ਦੀ ਹੱਡ ਤੋੜਵੀਂ ਮੇਹਨਤ ਖੜੀ ਹੈ । ਇਹ ਸਭ ਸੰਭਵ ਹੋਣ ਪਿੱਛੇ ਜੋ ਅਸਲ ਚੀਜ਼ ਸੀ, ਉਹ ਸੀ ਮੈਨੂਫੈਕਚਰਿੰਗ ਇੰਡਸਟ੍ਰੀ ਦੀ ਮਾਈਗ੍ਰੇਸ਼ਨ, ਜੋ ਸਦੀ ਚ ਇੱਕ ਵਾਰ ਕਰਵਟ ਲੈਂਦੀ ਆ ਤੇ ਇਸ ਮਾਈਗ੍ਰੇਸ਼ਨ ਨੂੰ ਸਾਂਭਣ ਲਈ ਮੌਕਾ ਇੰਡੀਆ ਕੋਲ ਵੀ ਸੀ, ਪਰ ਨਾ ਤਾਂ ਇੰਡੀਆ ਦੇ ਸਿਆਸਤਦਾਨ ਹੀ ਹੱਥ ਆਏ ਉਸ ਮੌਕੇ ਨੂੰ ਚੀਨ ਵਾਂਗ ਸਾਂਭ ਹੀ ਸਕੇ ਤੇ ਨਾਹੀਂ ਲੋਕ ਸਿਵਾਏ ਅਬਾਦੀ ਵਧਾ ਇੰਡੀਆ ਨੂੰ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਮੁਲਖ ਬਣਾਉਣ ਦੇ ਇਮਾਨਦਾਰ ਤੇ ਮੇਹਨਤੀ ਹੋਣ ਦਾ ਕੋਈ ਸਬੂਤ ਹੀ ਦੇ ਸਕੇ ।।