logo

ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 11 ਨਵੰਬਰ ਨੂੰ — 14 ਨਵੰਬਰ ਨੂੰ ਹੋਵੇਗੀ ਗਿਣਤੀ


ਜ਼ਿਲ੍ਹਾ ਭਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ, ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ — ਡਿਪਟੀ ਕਮਿਸ਼ਨਰ ਰਾਹੁਲ, ਆਈ.ਏ.ਐੱਸ.

ਤਰਨ ਤਾਰਨ, 07 ਅਕਤੂਬਰ (ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ):
ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 21-ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਲਈ ਵੋਟਾਂ 11 ਨਵੰਬਰ 2025 ਨੂੰ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 14 ਨਵੰਬਰ 2025 ਨੂੰ ਹੋਵੇਗੀ। ਇਸ ਐਲਾਨ ਨਾਲ ਹੀ ਪੂਰੇ ਜ਼ਿਲ੍ਹਾ ਤਰਨ ਤਾਰਨ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਆਈ.ਏ.ਐੱਸ. ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਮਨੀ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਗਜ਼ਟ ਨੋਟੀਫਿਕੇਸ਼ਨ 13 ਅਕਤੂਬਰ 2025 ਨੂੰ ਜਾਰੀ ਹੋਵੇਗਾ ਅਤੇ 13 ਤੋਂ 21 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। 22 ਅਕਤੂਬਰ ਨੂੰ ਸਕਰੂਟਨੀ ਹੋਵੇਗੀ ਅਤੇ 24 ਅਕਤੂਬਰ ਤੱਕ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈ ਸਕਣਗੇ।

ਉਨ੍ਹਾਂ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਕੁੱਲ 1,93,742 ਵੋਟਰ ਹਨ — ਜਿਨ੍ਹਾਂ ਵਿੱਚ 1,01,494 ਮਰਦ, 92,240 ਔਰਤਾਂ, 8 ਕਿੰਨਰ, 194 ਨਵੇਂ 18 ਸਾਲਾ ਵੋਟਰ ਅਤੇ 1,356 ਸਰਵਿਸ ਵੋਟਰ ਸ਼ਾਮਲ ਹਨ। ਇੱਥੇ 114 ਪੋਲਿੰਗ ਲੋਕੇਸ਼ਨਾਂ ਉੱਪਰ 222 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 4 ਮਾਡਲ ਬੂਥ, 3 ਪਿੰਕ ਵੋਮੇਨ ਪੋਲਿੰਗ ਸਟੇਸ਼ਨ ਅਤੇ 1 ਪੀ.ਡਬਲਿਊ.ਡੀ. ਬੂਥ ਹਨ।

ਸ੍ਰੀ ਰਾਹੁਲ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਲਈ ਵੱਖ-ਵੱਖ ਕਮੇਟੀਆਂ ਅਤੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਕਿਸੇ ਵੀ ਉਲੰਘਣਾ ਬਾਰੇ ਸ਼ਿਕਾਇਤ ਹੈਲਪਲਾਈਨ ਨੰਬਰ 1950 ਤੇ ਜਾਂ ਸੀ-ਵਿਜ਼ਲ ਐਪ ਰਾਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਲੰਘਣਾ ਦੀ ਕੋਈ ਵੀ ਸ਼ਿਕਾਇਤ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਇੱਕ ਉਮੀਦਵਾਰ ਵੱਧ ਤੋਂ ਵੱਧ 40 ਲੱਖ ਰੁਪਏ ਖ਼ਰਚ ਕਰ ਸਕਦਾ ਹੈ ਅਤੇ ਇਸ ਖ਼ਰਚ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਮੀਡੀਆ ਰਾਹੀਂ ਹੋ ਰਹੀ ਇਸ਼ਤਿਹਾਰਬਾਜ਼ੀ ‘ਤੇ ਨਜ਼ਰ ਰੱਖਣ ਲਈ ਮੀਡੀਆ ਮੋਨੀਟਰਿੰਗ ਅਤੇ ਸਰਟੀਫਿਕੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਿਸੇ ਵੀ ਇਲੈਕਟ੍ਰੋਨਿਕ ਮੀਡੀਆ ਵਿਗਿਆਪਨ ਤੋਂ ਪਹਿਲਾਂ ਕਮੇਟੀ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜ਼ਿਮਨੀ ਚੋਣ ਅਜ਼ਾਦ ਤੇ ਨਿਰਪੱਖ ਢੰਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਹਰ ਵੋਟਰ ਆਪਣਾ ਵੋਟ ਦਾ ਹੱਕ ਜ਼ਰੂਰ ਇਸਤੇਮਾਲ ਕਰੇ ਤੇ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਪਾਲਣਾ ਕਰੇ।

ਇਸ ਮੌਕੇ ਐੱਸ.ਐੱਸ.ਪੀ. ਤਰਨ ਤਾਰਨ ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਚੋਣਾਂ ਨੂੰ ਅਮਨ-ਪ੍ਰਿਯ ਮਾਹੌਲ ਵਿੱਚ ਕਰਵਾਉਣ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਅਸਲਾ ਧਾਰਕ ਆਪਣੇ ਲਾਇਸੰਸੀ ਹਥਿਆਰ ਤੁਰੰਤ ਥਾਣਿਆਂ ਜਾਂ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾ ਦੇਣ।

ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਡੀ.ਐੱਮ.-ਕਮ-ਆਰ.ਓ. ਗੁਰਮੀਤ ਸਿੰਘ (ਪੀ.ਸੀ.ਐੱਸ.), ਸਹਾਇਕ ਕਮਿਸ਼ਨਰ (ਜਨਰਲ) ਕਰਨਵੀਰ ਸਿੰਘ, ਤਹਿਸੀਲਦਾਰ ਚੋਣਾਂ ਅਰਮਿੰਦਰਪਾਲ ਸਿੰਘ, ਡਾ. ਅਮਨਦੀਪ ਸਿੰਘ ਨੋਡਲ ਅਫਸਰ ਐਕਸਪੈਂਡੀਚਰ ਸੈੱਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

56
2274 views