
ਫੌਜੀ ਸਟਰੀਟ ਮਾਨਸਾ ਦੇ ਵਾਸੀਆਂ ਦੀ ਬਦਹਾਲ ਜ਼ਿੰਦਗੀ – ਡੇਢ ਸਾਲ ਤੋਂ ਖੜਿਆ ਸੀਵਰੇਜ ਦਾ ਪਾਣੀ
ਮਾਨਸਾ: ਵਾਰਡ ਨੰਬਰ 7 ਅਤੇ 9 ਦੀ ਸਾਂਝੀ ਗਲੀ ਫੌਜੀ ਸਟਰੀਟ ਪਿਛਲੇ ਡੇਢ ਸਾਲਾਂ ਤੋਂ ਗੰਦੇ ਸੀਵਰੇਜ ਦੇ ਪਾਣੀ ਵਿੱਚ ਡੁੱਬੀ ਹੋਈ ਹੈ। ਇੱਥੇ ਦੇ ਲੋਕ ਰੋਜ਼ਾਨਾ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹਨ।
ਗਲੀ ਵਿੱਚ ਖੜ੍ਹੇ ਗੰਦਲੇ ਪਾਣੀ ਕਾਰਨ ਅਨੇਕਾਂ ਬਿਮਾਰੀਆਂ ਫੈਲ ਰਹੀਆਂ ਹਨ, ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾਅ 'ਤੇ ਲੱਗੀ ਹੋਈ ਹੈ, ਪਰ ਸਰਕਾਰ, ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਕੰਨ ਤੱਕ ਜੂੰ ਤੱਕ ਨਹੀਂ ਰਿੰਗਦੀ।
ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਹਨ, ਨਗਰ ਕੌਂਸਲ ਨੂੰ ਅਰਜ਼ੀਆਂ ਭੇਜ ਚੁੱਕੇ ਹਨ, ਮਨੁੱਖੀ ਅਧਿਕਾਰ ਕਮੇਟੀ ਨੂੰ ਚਿੱਠੀਆਂ ਭੇਜ ਚੁੱਕੇ ਹਨ, ਇੱਥੋਂ ਤੱਕ ਕਿ ਮਾਨਸਾ ਡੀ.ਸੀ. ਅਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੱਕ ਵੀ ਗੁਹਾਰ ਲਾ ਚੁੱਕੇ ਹਨ, ਪਰ ਕਿਸੇ ਨੇ ਹਾਲੇ ਤੱਕ ਧਿਆਨ ਨਹੀਂ ਦਿੱਤਾ।
ਦੁਖ ਦੀ ਗੱਲ ਇਹ ਹੈ ਕਿ ਜਿੱਥੇ ਚੰਗੀ ਹਾਲਤ ਵਾਲੀਆਂ ਗਲੀਆਂ ਵਿੱਚ ਨਵੀਆਂ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ, ਉਥੇ ਫੌਜੀ ਸਟਰੀਟ ਵਰਗੀਆਂ ਗਲੀਆਂ ਜਿੱਥੇ ਹਾਲਤ ਸਭ ਤੋਂ ਬਦਤਰ ਹਨ, ਉਨ੍ਹਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਦਾ ਸਵਾਲ ਹੈ ਕਿ “ਸਾਡੀ ਗਲੀ ਦਾ ਹੱਲ ਪਹਿਲਾਂ ਕਿਉਂ ਨਹੀਂ ਕੀਤਾ ਜਾਂਦਾ? ਕੀ ਅਸੀਂ ਇਨਸਾਨ ਨਹੀਂ? ਕੀ ਅਸੀਂ ਬਿਮਾਰੀਆਂ ਤੇ ਗੰਦ ਵਿੱਚ ਹੀ ਰਹਿਣ ਲਈ ਮਜਬੂਰ ਕੀਤੇ ਜਾ ਰਹੇ ਹਾਂ?”
ਸਭ ਤੋਂ ਵੱਡਾ ਦੁਖ ਇਸ ਗੱਲ ਦਾ ਹੈ ਕਿ ਨਾ ਕੋਈ ਐਮਸੀ ਇੱਥੇ ਧਿਆਨ ਦੇ ਰਿਹਾ ਹੈ, ਨਾ ਹੀ ਕੋਈ ਪੱਤਰਕਾਰ ਇਸ ਮਸਲੇ ਦੀ ਕਵਰੇਜ ਕਰਨ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰਫ ਮਾਨਸਾ ਦੇ ਆਲੇ-ਦੁਆਲੇ ਦੀਆਂ ਹੀ ਖਬਰਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ, ਪਰ ਜਿੱਥੇ ਲੋਕ ਬਦਹਾਲ ਜ਼ਿੰਦਗੀ ਜੀ ਰਹੇ ਹਨ ਉੱਥੇ ਦੀ ਸੱਚਾਈ ਕੋਈ ਸਾਹਮਣੇ ਨਹੀਂ ਲਿਆ ਰਿਹਾ।
ਫੌਜੀ ਸਟਰੀਟ ਦੇ ਵਾਸੀ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਹੋ ਰਹੇ ਅਨਿਆਇ ਨੂੰ ਖਤਮ ਕੀਤਾ ਜਾਵੇ।