
ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹਰ ਲੋੜਵੰਦ ਤੱਕ ਮਿਆਰੀ ਸਿਹਤ ਸਹੂਲਤ ਪਹੁੰਚਾਉਣ ਲਈ ਵਿਸੇਸ਼ ਉਪਰਾਲੇ ਕਰਨ ਦੀ ਹਦਾਇਤ
ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹਰ ਲੋੜਵੰਦ ਤੱਕ ਮਿਆਰੀ ਸਿਹਤ ਸਹੂਲਤ ਪਹੁੰਚਾਉਣ ਲਈ ਵਿਸੇਸ਼ ਉਪਰਾਲੇ ਕਰਨ ਦੀ ਹਦਾਇਤ
ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ ਬੱਚਿਆਂ ਲਈ ਵਰਦਾਨ- ਡਾ.ਜੰਗਜੀਤ ਸਿੰਘ
ਕੱਟੇ ਤਾਲੂਏ ਦੀ ਸਮੱਸਿਆ ਤੋਂ ਪੀੜ੍ਹਤ ਬੱਚੀ ਦਾ ਕਰਵਾਇਆ ਮੁਫ਼ਤ ਇਲਾਜ
ਕੀਰਤਪੁਰ ਸਾਹਿਬ 21 ਜੁਲਾਈ (ਸਚਿਨ ਸੋਨੀ)
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਰ ਯੋਗ ਲੋੜਵੰਦ ਤੱਕ ਮਿਆਰੀ ਸਿਹਤ ਸਹੂਲਤ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋ ਹਰ ਵਰਗ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਨਵਰੂਪ ਕੌਰ ਦੀ ਅਗਵਾਈ 'ਚ ਸਿਹਤ ਵਿਭਾਗ ਵੱਲੋਂ ਸ਼ਿਸ਼ੂ ਮੌਤ ਦਰ ਨੂੰ ਘਟਾਉਣ ਲਈ ਜਿੱਥੇ ਕੀਰਤਪੁਰ ਸਾਹਿਬ ਵਿਖੇ 31 ਜੁਲਾਈ ਤੱਕ ਡਾਇਰੀਆ ਕੰਟਰੋਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਉੱਥੇ ਹੀ 18 ਸਾਲ ਤੱਕ ਦੇ ਬੱਚਿਆਂ ਦੀ ਤੰਦਰੁਸਤੀ ਲਈ ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ ਤਹਿਤ ਇਲਾਜ ਦੀ ਮੁਫ਼ਤ ਸਹੂਲਤ ਮੁਹੱਇਆ ਕਰਵਾਈ ਜਾ ਰਹੀ ਹੈ।
ਕੀਰਤਪੁਰ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ) ਬੀਮਾਰ ਬੱਚਿਆਂ ਦੇ ਮੁਫ਼ਤ ਇਲਾਜ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਾਲ ਹੀ ਵਿਚ ਪਿੰਡ ਕਲਸੇੜ੍ਹਾ ਦੀ ਇੱਕ ਬੱਚੀ ਦਾ ਪੀ.ਜੀ.ਆਈ ਤੋਂ ਮੁਫ਼ਤ ਇਲਾਜ ਕਰਵਾਇਆ ਗਿਆ ਜੋ ਜਨਮ ਤੋਂ ਕੱਟੇ ਤਾਲੂਏ ਦੀ ਸਮੱਸਿਆ ਤੋਂ ਪੀੜ੍ਹਤ ਸੀ। ਉਸਦੇ ਮਾਪਿਆਂ ਨੇ ਬੱਚੀ ਦੇ ਮੁਫ਼ਤ ਅਤੇ ਸਫ਼ਲ ਇਲਾਜ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਅਤੇ ਆਰ.ਬੀ.ਐੱਸ.ਕੇ ਦੀ ਟੀਮ ਵਿਚ ਸ਼ਾਮਲ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਅੰਬਿਕਾ ਸ਼ਰਮਾ ਅਤੇ ਸਟਾਫ਼ ਨਰਸ ਸੁਨੀਤਾ ਵੱਲੋਂ ਇਲਾਜ ਦੀ ਸਾਰੀ ਪ੍ਰਕਿਰਿਆ ਦੌਰਾਨ ਹਰ ਸੰਭਵ ਮੱਦਦ ਕਰਨ ਲਈ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ ਤਹਿਤ ਘਰਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਨਮੇ, ਆਂਗਣਵਾੜੀ ਕੇਂਦਰਾਂ ਵਿੱਚ ਰਜਿਸਟਰਡ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੱਕ ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਵੱਲੋਂ ਮੁਫ਼ਤ ਮੁਆਇਨਾ ਕੀਤਾ ਜਾਂਦਾ ਹੈ ਅਤੇ 31 ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹਨਾਂ ਬਿਮਾਰੀਆਂ ਨੂੰ ਮੁੱਖ ਚਾਰ ਵਰਗਾਂ 'ਚ ਵੰਡਿਆ ਗਿਆ ਹੈ ਜਿਹਨਾਂ ਵਿਚ ਜਮਾਂਦਰੂ ਨੂਕਸ, ਸਰੀਰਕ ਕਮੀਆਂ, ਪੌਸ਼ਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ, ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਦੇਰੀ ਅਤੇ ਅੰਗਹੀਣਤਾ ਸ਼ਾਮਲ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹੇ ਦੀ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਜਾਂ ਟੋਲ ਫ੍ਰੀ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।