
ਗਲੋਬਲ ਡਿਸਕਵਰੀ ਸਕੂਲ ਨੇ ਤਕਰੀਬਨ 2500 ਦੇ ਆਸ ਪਾਸ ਕਿਤਾਬਾਂ ਕੀਤੀਆਂ ਭੇਂਟ
19 ਜੁਲਾਈ (ਗਗਨਦੀਪ ਸਿੰਘ) ਫੂਲ ਟਾਊਨ/ਰਾਮਪੁਰਾ ਫੂਲ: ਮਾਨਵ ਸਹਾਰਾ ਕਲੱਬ ਰਜਿ:42 ਫੂਲ ਟਾਊਨ ਜ਼ਿਲ੍ਹਾ ਬਠਿੰਡਾ ਜਿੱਥੇ ਇਲਾਕੇ ਵਿੱਚ ਐਮਰਜੈਂਸੀ ਐਮਬੂਲੈਂਸ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਓਥੇ ਹੀ ਸਮੇਂ ਸਮੇਂ ਤੇ ਹੋਰ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਿਹਾ ਹੈ। ਇਨਾਂ ਲੋਕਾਂ ਭਲਾਈ ਦੇ ਕੰਮਾਂ ਤੋਂ ਇਲਾਵਾ ਜਿੱਥੇ ਕਲੱਬ ਦੇ ਦਫ਼ਤਰ ਵਿਖੇ ਸਾਹਿਤ ਪ੍ਰੇਮੀਆਂ ਅਤੇ ਪਾਠਕਾਂ ਲਈ ਮਿੰਨੀ ਲਾਇਬ੍ਰੇਰੀ ਬਣੀ ਹੋਈ ਹੈ। ਓਥੇ ਹੀ ਮਾਨਵ ਸਹਾਰਾ ਕਲੱਬ ਵੱਲੋਂ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦੇ ਵਿਸ਼ੇਸ਼ ਸਹਿਯੋਗ ਨਾਲ ਨਰਸਰੀ ਕਲਾਸ ਤੋਂ ਲੈਕੇ ਬਾਰਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਕਿਤਾਬਾਂ ਜੋ ਕਿ ਸੀ. ਬੀ. ਐੱਸ. ਸੀ ਬੋਰਡ ਦੀਆਂ ਹਨ, ਇਹ ਕਿਤਾਬਾਂ ਬਿਲਕੁਲ ਬਿਨ੍ਹਾਂ ਕਿਸੇ ਮੁਨਾਫ਼ੇ ਦੇ ਕਲੱਬ ਵੱਲੋਂ ਪੜ੍ਹ ਰਹੇ ਬੱਚਿਆਂ ਨੂੰ ਵੰਡੀਆਂ ਜਾਣਗੀਆਂ। ਕਿਤਾਬਾਂ ਦੀ ਗਿਣਤੀ ਤਕਰੀਬਨ 2500 ਦੇ ਲਗਭਗ ਹੈ। ਜੇਕਰ ਕੋਈ ਬੱਚਾ ਆਪਣੀਆਂ ਪੁਰਾਣੀਆਂ ਭਾਵ ਪਿਛਲੀ ਕਲਾਸ ਦੀਆਂ ਕਿਤਾਬਾਂ ਕਲੱਬ ਨੂੰ ਦਾਨ ਦੇਣਾ ਚਾਹੁੰਦਾ ਹੈ ਤੇ ਅਗਲੀ ਕਲਾਸ ਦੀਆਂ ਲਿਜਾਣਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਵੀ ਬੱਚੇ ਜਾਂ ਮਾਪੇ ਕਰ ਸਕਦੇ ਹਨ। ਇਹ ਕਿਤਾਬਾਂ ਗਲੋਬਲ ਡਿਸਕਵਰੀ ਸਕੂਲ ਵੱਲੋਂ ਕਲੱਬ ਨੂੰ ਭੇਂਟ ਕੀਤੀਆਂ ਗਈਆਂ, ਇਸ ਦੌਰਾਨ ਸਕੂਲ ਦੇ ਚੇਅਰਮੈਨ ਕਮਲੇਸ਼ ਸਰਾਫ, ਡਾਇਰੈਕਟਰ ਅਮਿਤ ਸਰਾਫ ਹਾਜ਼ਰ ਸਨ ਅਤੇ ਕਲੱਬ ਵੱਲੋਂ ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਦਾ ਸਨਮਾਨ ਚਿੰਨ੍ਹ ਦੇ ਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕਲੱਬ ਵੱਲੋਂ ਪੁਰਜ਼ੋਰ ਅਪੀਲ ਹੈ ਕਿ ਜੋ ਮਾਪੇ ਬਜ਼ਾਰੋਂ ਕਿਤਾਬਾਂ ਜਿਆਦਾ ਮੁੱਲ ਤੇ ਜਾਂ ਜਿਆਦਾ ਖਰਚਾ ਬੱਚੇ ਦਾ ਨਹੀਂ ਉਠਾ ਸਕਦੇ ਉਹ ਜ਼ਰੂਰ ਹੀ ਕਲੱਬ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।