ਈਟੀਟੀ ਅਧਿਆਪਕਾਂ ਵੱਲੋਂ ਪ੍ਰਮੋਸ਼ਨ ਕੋਟੇ ਦੀਆਂ ਖਾਮੀਆਂ ਦੂਰ ਕਰਕੇ ਹੈੱਡ ਟੀਚਰ ਅਤੇ ਮਾਸਟਰ ਕੇਡਰ ਵਿਚ ਤਰੱਕੀ ਕਰਨ ਦੀ ਮੰਗ-ਅਧਿਆਪਕ ਆਗੂ
ਗੁਰਦਾਸਪੁਰ( 5 ਜੁਲਾਈ 2025)ਜ਼ਿਲ੍ਹਾ ਗੁਰਦਾਸਪੁਰ ਦੇ ਈਟੀਟੀ ਕਾਡਰ ਦੇ ਅਧਿਆਪਕਾਂ ਨੇ ਪ੍ਰਮੋਸ਼ਨ ਕੋਟੇ ਵਿੱਚ ਖਾਮੀਆਂ ਦੂਰ ਕਰਕੇ ਤੁਰੰਤ ਹੈਡ ਟੀਚਰ ਵਜੋਂ ਅਤੇ ਮਾਸਟਰ ਕਾਡਰ ਵਿੱਚ ਤਰੱਕੀਆਂ ਕਰਨ ਦੀ ਮੰਗ ਕੀਤੀ ਹੈ । ਜ਼ਿਕਰਯੋਗ ਹੈ ਕਿ ਇਹ ਅਧਿਆਪਕ ਲਗਭਗ ਪਿਛਲੇ 23 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਕਰਨ ਤੋਂ ਬਾਅਦ ਨਾ ਤਾਂ ਹੈਡ ਟੀਚਰ ਵਜੋਂ ਅਤੇ ਨਾ ਹੀ ਮਾਸਟਰ ਕਾਡਰ ਵਿੱਚ ਤਰੱਕੀ ਲੈ ਸਕੇ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਇੰਨੀ ਸੇਵਾ ਵਾਲੇ ਬੀਪੀਈਓ ਤੱਕ ਅਤੇ ਮਾਸਟਰ ਕਾਰਡਰ ਵਿੱਚ ਤਰੱਕੀ ਲੈ ਚੁੱਕੇ ਹਨ। ਈ ਟੀ ਯੂ ਆਗੂ ਹਰਜੀਤ ਸਿੰਘ ਨੇ ਦੱਸਿਆ ਪਿਛਲੇ ਸਮੇਂ ਜੋ 25% ਸਿੱਧੀ ਭਰਤੀ ਕੋਟੇ ਵਿੱਚ ਭਰਤੀ ਕੀਤੀ ਗਈ ਹੈ, ਨੂੰ ਅਗਲੀ ਤਰੱਕੀ ਕੇਵਲ 25% ਕੋਟੇ ਵਿੱਚ ਹੀ ਦਿੱਤੀ ਜਾਵੇ ਨਾ ਕਿ ਆਮ ਭਰਤੀ ਵਾਲੇ ਨੂੰ 75% ਕੋਟੇ ਤਹਿਤ ਵਿਚਾਰਿਆ ਜਾਣਾ ਚਾਹੀਦਾ ਹੈ। ਦੱਸਣ ਯੋਗ ਹੈ ਕਿ ਇੱਕ ਵਾਰ ਸਿੱਧੀ ਭਰਤੀ 25% ਕੋਟੇ ਵਿੱਚ ਤਰੱਕੀ ਲੈਣ ਤੋਂ ਬਾਅਦ ਉਸ ਦਾ ਕੋਟਾ ਅਲੱਗ ਬਣ ਜਾਂਦਾ ਹੈ। ਸਿੱਧੀ ਭਰਤੀ ਤਹਿਤ ਇੱਕ ਵਾਰ ਤਰੱਕੀ ਲੈ ਚੁੱਕੇ ਕਿਸੇ ਵੀ ਐਚਟੀ ਜਾਂ ਸੀਐਚਟੀ ਨੂੰ ਬਾਕੀ 75% ਕੋਟੇ ਤਹਿਤ ਤਰੱਕੀ ਨਹੀਂ ਦਿੱਤੀ ਜਾ ਸਕਦੀ। ਪਿਛਲੇ ਸਮੇਂ ਵਿੱਚ ਇਹਨਾਂ ਈਟੀਟੀ ਅਧਿਆਪਕਾਂ ਨੂੰ ਹੀ ਸਿੱਧੀ ਭਰਤੀ ਰਾਹੀ ਐਚਟੀ ,ਸੀਐਚਟੀ ਅਤੇ ਬੀਪੀਈਓ ਦੀ ਤਜਰਬੇ ਦੇ ਆਧਾਰ ਦੀ ਤਰੱਕੀ ਮਿਲਣੀ ਸੀ ਪ੍ਰੰਤੂ ਪੈਨਸ਼ਨ ਖਤਮ ਕਰਨ ਦਾ ਡਰ ਦੇ ਕੇ ਸਾਲ 2019 ਵਿੱਚ ਹੋਏ ਸਿੱਧੀ ਭਰਤੀ ਟੈਸਟ ਵਿੱਚ ਅਪਲਾਈ ਨਹੀਂ ਕਰਨ ਦਿੱਤਾ ਗਿਆ। ਅਖਬਾਰੀ ਇਸ਼ਤਿਹਾਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਬਾਅਦ ਵਿੱਚ ਅਪਲਾਈ ਕਰਨ ਵਾਲੇ ਅਧਿਆਪਕਾਂ ਦਾ ਪੈਨਸ਼ਨ ਲਾਭ ਬਰਕਰਾਰ ਰੱਖਿਆ ਗਿਆ ਪ੍ਰੰਤੂ ਪੈਨਸ਼ਨ ਖਤਮ ਹੋਣ ਦੇ ਡਰ ਤੋਂ ਜੋ ਅਧਿਆਪਕ ਅਪਲਾਈ ਨਹੀਂ ਕਰ ਸਕੇ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਬਹੁਤ ਸਾਰੇ ਵਲੰਟੀਅਰਾਂ ਨੂੰ ਐਚ.ਟੀ.ਅਤੇ ਸੀ.ਐਚ.ਟੀ ਅਤੇ ਬੀ.ਪੀ.ਈ.ਓ. ਵਜੋਂ ਤਰੱਕੀ ਦੇ ਦਿੱਤੀ ਗਈ।ਸਮੇਂ -ਸਮੇਂ ਤੇ ਸੇਵਾ ਨਿਯਮਾਂ ਨੂੰ ਤੋੜ ਕੇ ਯੋਗ ਅਧਿਆਪਕਾਂ ਦਾ ਨੁਕਸਾਨ ਕੀਤਾ ਤੇ ਤਰੱਕੀ ਤੋਂ ਵਾਂਝੇ ਰੱਖਿਆ ਗਿਆ ।ਇਹ ਮਾਮਲਾ ਕੋਰਟ ਵਿੱਚ ਵੀ ਸੁਣਵਾਈ ਅਧੀਨ ਹੈ। ਸੋ ਇਹਨਾਂ ਈਟੀਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਸੇਵਾ ਨਿਯਮਾਂ ਨੂੰ ਬਰਕਰਾਰ ਰੱਖਦੇ ਹੋਏ ਇਹਨਾਂ ਅਧਿਆਪਕਾਂ ਦੀ ਐਚ.ਟੀ. ਅਤੇ ਮਾਸਟਰ ਕਾਡਰ ਵਿੱਚ ਜਲਦੀ ਤੋਂ ਜਲਦੀ ਤਰੱਕੀ ਕੀਤੀ ਜਾਵੇl ਇਸ ਮੌਕੇ ਦੀਦਾਰ ਸਿੰਘ ਕਾਦੀਆਂ, ਹਰਜੀਤ ਸਿੰਘ, ਮੰਗਾ ਰਾਮ,ੳਮ ਪ੍ਰਕਾਸ਼, ਸਤਵਿੰਦਰ ਸਿੰਘ, ਪਰਮਜੀਤ ਕੁਮਾਰ, ਲਵਪ੍ਰੀਤ ਸਿੰਘ ਰੋੜਾਂਵਾਲੀ ਆਦਿ ਹਾਜਿਰ ਸਨl