logo

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਚਿਲਡਰਨ ਹੋਮ ਗੁਰਦਾਸਪੁਰ ਦਾ ਦੌਰਾ

ਗੁਰਦਾਸਪੁਰ, 26 ਜੂਨ (ਜਤਿੰਦਰ ਬੈਂਸ) ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਅੱਜ ਸ਼ਾਮ ਚਿਲਡਰਨ ਹੋਮ (ਲੜਕੇ) ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਬੱਚਿਆਂ ਦੇ ਕਮਰਿਆਂ, ਰਸੋਈ, ਸਟੱਡੀ ਰੂਮ, ਕਾਮਨ ਰੂਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਚਿਲਡਰਨ ਹੋਮ ਵਿਖੇ ਰਹਿ ਰਹੇ ਸਹਿਵਾਸੀ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਫੀਡਬੈਕ ਲਈ।
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੇ ਨਾਲ ਚਿਲਡਰਨ ਹੋਮ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚਿਲਡਰਨ ਹੋਮ ਦੀ ਮੁਰੰਮਤ ਅਤੇ ਸਿਵਲ ਵਰਕ ਦੇ ਜੋ ਵੀ ਬਕਾਇਆ ਕੰਮ ਹਨ ਉਨ੍ਹਾਂ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਦਾ ਰੈਗੂਲਰ ਮੈਡੀਕਲ ਚੈੱਕਅਪ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਰ 15 ਦਿਨਾਂ ਬਾਅਦ ਚਿਲਡਰਨ ਹੋਮ ਦੇ ਪਾਣੀ ਦੀ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਤੋਂ ਬਾਅਦ ਚਿਲਡਰਨ ਹੋਮ ਵਿਖੇ ਵੀ ਪੜ੍ਹਾਇਆ ਜਾਵੇ ਅਤੇ ਬੱਚਿਆਂ ਦੀ ਕਰੀਅਰ ਕਾਊਂਸਲਿੰਗ ਵੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਚਿਲਡਰਨ ਹੋਮ ਵਿਖੇ ਰਹਿ ਰਹੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਕਿਉਂਕਿ ਉਨ੍ਹਾਂ ਦੀ ਹੁਣ ਕੀਤੀ ਮਿਹਨਤ ਸਾਰੀ ਉਮਰ ਉਨ੍ਹਾਂ ਦੇ ਕੰਮ ਆਵੇਗੀ। ਉਨ੍ਹਾਂ ਚਿਲਡਰਨ ਹੋਮ ਦੇ ਬੱਚਿਆਂ ਨੂੰ ਕਿਹਾ ਕਿ ਕਿਸੇ ਵੀ ਜ਼ਰੂਰਤ ਲਈ ਉਹ ਉਨ੍ਹਾਂ ਨਾਲ ਸਿੱਧਾ ਰਾਬਤਾ ਵੀ ਕਰ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ, ਚਿਲਡਰਨ ਹੋਮ ਦੀ ਸੰਚਾਲਕ ਸੰਦੀਪ ਕੌਰ, ਡੀ.ਸੀ.ਪੀ.ਓ. ਸੁਨੀਲ ਜੋਸ਼ੀ, ਮਨੋਰੋਗ ਮਾਹਿਰ ਡਾ. ਮਾਇਤਰੀ, ਬਾਲ ਭਲਾਈ ਕਮੇਟੀ ਦੇ ਨੁਮਾਇੰਦੇ ਸੁੱਚਾ ਸਿੰਘ ਮੁਲਤਾਨੀ, ਉਡਾਨ ਸੰਸਥਾ ਵੱਲੋਂ ਬਲਜੀਤ ਸਿੰਘ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਭਾਸਕਰ ਸ਼ਰਮਾ ਚਿਲਡਰਨ ਹੋਮ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।

12
101 views