logo

ਪਟਿਆਲਾ ਪੁਲਿਸ ਵੱਲੋਂ ਸਮਾਣਾ ਦੇ ਪਿੰਡਾਂ ਮੁਰਾਦਪੁਰ ਤੇ ਗਾਜੇਵਾਸ ਵਿਖੇ ਕਾਸੋ ਉਪਰੇਸ਼ਨ ਤਹਿਤ ਘੇਰਾਬੰਦੀ ਕਰਕੇ ਤਲਾਸ਼ੀ -ਕਾਸੋ ਉਪਰੇਸ਼ਨ ਦੀ ਐਸ ਐਸ ਪੀ ਵਰੁਣ ਸ਼ਰਮਾ ਨੇ ਖੁਦ ਕੀਤੀ ਅਗਵਾਈ, -ਬਦਨਾਮ ਮਹਿਲਾ ਨਸ਼ਾ ਤਸਕਰ ਗੁੱਡੀ ਕਾਬੂ, ਕਰੀਬ ਅੱਧੀ ਦਰਜਨ ਵਿਅਕਤੀਆਂ ਪਾਸੋਂ ਨਸ਼ੀਲੇ ਪਦਾਰਥ ਬਰਾਮਦ - ਵਰੁਣ ਸ਼ਰਮਾ

ਸਮਾਣਾ, 15 ਜੂਨ: (ਹਰਬੰਸ ਸਿੰਘ)
ਪਟਿਆਲਾ ਪੁਲਿਸ ਨੇ ਅੱਜ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸਮਾਣਾ ਦੇ ਦੋ ਪਿੰਡਾਂ ਮੁਰਾਦਪੁਰ ਅਤੇ ਗਾਜੇਵਾਸ ਵਿਖੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਵਿੱਚ ਮੁਰਾਦਪੁਰ ਵਿਖੇ ਪੁਰਾਣੇ ਨਸ਼ਾ ਤਸਕਰਾਂ ਖਿਲਾਫ਼ 17 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਅੱਜ ਉਹ ਸਾਰੇ ਘਰਾਂ ਦਾ ਖੁਦ ਜਾਇਜਾ ਲੈ ਕੇ ਆਏ ਹਨ ਅਤੇ ਜਿੱਥੇ ਪੁਰਾਣੇ ਤਸਕਰ ਰਹਿੰਦੇ ਸਨ, ਹੁਣ ਉਨ੍ਹਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਜਦਕਿ ਪਟਿਆਲਾ ਪੁਲਿਸ ਇਸ ਦੌਰਾਨ ਪਿੰਡ ਗਾਜੇਵਾਸ ਦੀ ਬਦਨਾਮ ਮਹਿਲਾ ਨਸ਼ਾ ਤਸਕਰ ਗੁੱਡੀ ਨੂੰ ਵੀ ਕਾਬੂ ਕਰਨ ਵਿੱਚ ਸਫ਼ਲ ਰਹੀ ਹੈ।
ਐਸ ਐਸ ਪੀ ਵਰੁਣ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤੇ ਸਪੱਸ਼ਟ ਸੁਨੇਹਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਐਨ ਡੀ ਪੀ ਐਸ ਐਕਟ ਦੀ ਧਾਰਾ 68 ਤਹਿਤ ਕੇਸ ਤਿਆਰ ਕੀਤੇ ਗਏ ਹਨ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕਾਸੋ ਉਪਰੇਸ਼ਨ ਦੌਰਾਨ ਕਰੀਬ 6 ਵਿਅਕਤੀਆਂ ਪਾਸੋਂ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਈ ਹੈ, ਜਿਨ੍ਹਾਂ ਵਿਰੁੱਧ ਜਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ।
ਐਸ ਐਸ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਾਥ ਦੇਣ ਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਨੇੜਲੇ ਪੁਲਿਸ ਸਟੇਸ਼ਨ ਵਿੱਚ ਤੁਰੰਤ ਦੇਣੀ ਯਕੀਨੀ ਬਣਾਉਣ ਤਾਂ ਕਿ ਨਸ਼ਾ ਤਸਕਰੀ ਨੂੰ ਨੱਥ ਪਾਈ ਜਾ ਸਕੇ।ਇਸ ਦੌਰਾਨ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀਐਸਪੀ ਸਮਾਣਾ ਫ਼ਤਿਹ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

20
696 views