8 ਨੂੰ ਗੰਗੂਵਾਲ ਦੀ ਬਾਸੋਵਾਲ ਕਾਲੋਨੀ ਵਿਖੇ ਸਜੇਗਾ ਖਾਟੂ ਸ਼ਾਮ ਦਾ ਦਰਬਾਰ
ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਕਸਬੇ ਗੰਗੂਵਾਲ ਦੇ ਰਾਮ-ਲੀਲ੍ਹਾ ਮੈਦਾਨ ਬਾਸੋਵਾਲ ਕਾਲੋਨੀ ਵਿਖੇ 8 ਜੂਨ ਨੂੰ ਖਾਟੂ ਸ਼ਾਮ ਪ੍ਰੇਮੀਆਂ ਵਲੋਂ ਕਰਵਾਏ ਜਾ ਰਹੇ ਸ੍ਰੀ ਖਾਟੂ ਸ਼ਾਮ ਜੀ ਦੇ ਸੰਕੀਰਤਨ ਦਾ ਪੋਸਟਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਜਾਰੀ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲੱਕੀ ਕਪਿਲਾ ਨੇ ਦੱਸਿਆ ਕਿ 8 ਜੂਨ ਨੂੰ ਰਾਤ 8 ਵਜੇ ਹੋਣ ਵਾਲੇ ਇਸ ਸੰਕੀਰਤਨ ਦੌਰਾਨ ਰਾਮ-ਲੀਲ੍ਹਾ ਮੈਦਾਨ ਬਾਸੋਵਾਲ ਕਲੋਨੀ ਗੰਗੂਵਾਲ ਵਿਖੇ ਸ਼ਾਮ ਬਾਬਾ ਜੀ ਦਾ ਵਿਸ਼ਾਲ ਦਰਬਾਰ ਸਜਾਇਆ ਜਾਵੇਗਾ, ਜਿਸ 'ਚ ਮਾਸਟਰ ਸਲੀਮ ਦੇ ਸ਼ਾਗਿਰਦ ਬੰਟੀ ਸ਼ਹਿਜ਼ਾਦਾ ਤੇ ਪੀ. ਟੀ. ਸੀ. ਵਾਈਸ ਆਫ਼ ਪੰਜਾਬ ਦੇ ਮੈਂਟਰਵਿਵੇਕ ਮਹਾਜਨ ਦੁਆਰਾ ਸ੍ਰੀ ਸ਼ਾਮ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਜਦ ਕਿ ਮੰਚ ਦਾ ਸਮੁੱਚਾ ਕਾਰਜਭਾਰ ਇਲਾਕੇ ਦੇ ਪ੍ਰਸਿੱਧ ਐਂਕਰ ਸੰਦੀਪ ਭਾਰਦਵਾਜ ਦੁਆਰਾ ਸੰਭਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦ ਕਿ ਰਾਸ਼ਟਰੀ ਸੰਤ ਬਾਬਾ ਬਾਲ ਮਹਾਰਾਜ ਅਤੇ ਦੀਦੀ ਸਰਕਾਰ ਚੰਦਿਆਣੀ ਖੁਰਦ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਮੌਕੇ ਸੈਕਟਰੀ ਪਵਨ ਕੁਮਾਰ ਫੋਰਮੈਨ, ਬਲਾਕ ਪ੍ਰਧਾਨ ਗੁਰਮੀਤ ਸਿੰਘ ਕਲੋਤਾ, ਵਿਕਾਸ ਸੇਖੜੀ, ਸਾਹਿਲ ਚੀਟੂ, ਸ਼ੈਲੀ ਚਾਂਦਲਾ, ਪਵਨ ਚੀਟੂ ਸਮੇਤ ਵੱਡੀ ਗਿਣਤੀ 'ਚ ਸ਼ਾਮ ਪ੍ਰੇਮੀ ਹਾਜ਼ਰ ਸਨ।