
ਮੋਰਿੰਡਾ ਬੱਸ ਅੱਡਾ ਬਣਿਆ ਨਰਕ ਦਾ ਅੱਡਾ
ਅੱਡਾ ਮੋਰਿੰਡਾ ਜਿਥੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ 'ਚ ਮੁਸਾਫ਼ਰ ਬੱਸਾਂ ਰਾਹੀਂ ਇੱਧਰ ਤੋਂ ਉੱਧਰ ਜਾਂਦੇ ਹਨ, ਉੱਥੇ ਨਗਰ ਕੌਂਸਲ ਵਲੋਂ ਮੁਸਾਫ਼ਰਾਂ ਦੇ ਸਵਾਗਤ ਲਈ ਵੱਡੇ-ਵੱਡੇ ਗੰਦਗੀ ਦੇ ਢੇਰ ਲਗਾਏ ਜਾਂਦੇ ਹਨ ਅਤੇ ਨਗਰ ਕੌਂਸਲ ਦਾ ਕੂੜਾ ਕਰਕਟ ਚੁੱਕਣ ਵਾਲੇ ਵਾਹਨ ਵੀ ਬੱਸ ਸਟੈਂਡ ਮੋਰਿੰਡਾ ਵਿਚ ਹੀ ਖੜ੍ਹੇ ਕੀਤੇ ਜਾਂਦੇ ਹਨ, ਜਿਸ ਨਾਲ ਹਰ ਸਮੇਂ ਬੱਸ ਅੱਡੇ ਵਿਚ ਅਤੇ ਇਸ ਦੇ ਨਾਲ ਲੱਗਦੇ ਮੁਹੱਲੇ ਵਿਚ ਬਦਬੂ ਮਾਰਦੀ ਰਹਿੰਦੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਲੱਕੀ, ਅਕਾਲੀ ਆਗੂ ਅਮਰਿੰਦਰ ਸਿੰਘ ਹੈਲੀ, ਭਾਜਪਾ ਆਗੂ ਰਜੇਸ਼ ਭਾਟੀਆ ਟੈਕਸੀ ਯੂਨੀਅਨ ਦੇ ਪ੍ਰਧਾਨ ਲਖਬੀਰ ਸਿੰਘ ਲੱਖੀ ਦੁਕਾਨਦਾਰ ਗਿਆਨ ਸਿੰਘ, ਜੋਗਿੰਦਰ ਪਾਲ, ਅੱਡਾ ਇੰਚਾਰਜ ਰੂਪ ਸਿੰਘ, ਧਰਮਿੰਦਰ ਸਿੰਘ, ਬੱਟੀ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਫਾਈ ਸੇਵਕਾਂ ਵਲੋਂ ਸ਼ਹਿਰ 'ਚੋਂ ਕੂੜਾ ਕਰਕਟ ਇਕੱਠਾ ਕਰਕੇ ਬੱਸ
ਅੱਡੇ 'ਚ ਢੇਰ ਲਗਾਏ ਜਾਂਦੇ ਹਨ, ਜਿਸ ਨਾਲ ਹਰ ਸਮੇਂ ਬੱਸ ਅੱਡੇ ਵਿਚ ਅਤੇ ਨਾਲ ਲਗਦੇ ਮੁਹੱਲੇ ’ਚ ਬਦਬੂ ਮਾਰਦੀ ਰਹਿੰਦੀ ਹੈ। ਗੰਦਗੀ ਦੇ ਢੇਰ ਤੇ ਹਰ ਸਮੇਂ ਅਵਾਰਾ ਪਸ਼ੂ ਤੇ ਕੁੱਤੇ ਆਪਣੇ ਭੋਜਨ ਦੀ ਭਾਲ ਵਿਚ ਖੜ੍ਹੇ ਰਹਿੰਦੇ ਹਨ ਕਈ ਵਾਰ ਇਹ ਅਵਾਰਾ ਪਸ਼ੂ ਆਮ ਮੁਸਾਫਰਾਂ ਨੂੰ ਟੱਕਰ ਮਾਰਕੇ ਜ਼ਖ਼ਮੀ ਵੀ ਕਰ ਚੁੱਕੇ ਹਨ। ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਕੂੜੇ ਦੀ ਬਦਬੂ ਪੂਰੇ ਮਹੱਲੇ 'ਚ ਫੈਲਣ ਕਾਰਨ ਸਾਹ ਲੈਣਾ ਵੀ ਬਹੁਤ ਔਖਾ ਹੋਇਆ ਪਿਆ। ਉਕਤ ਲੋਕਾਂ ਨੇ ਦੱਸਿਆ ਕਿ ਬੱਸ ਅੱਡੇ ਅੰਦਰਲੀ ਮੋਟਰ ਪਿਛਲੇ ਚਾਰ ਦਿਨ ਤੋਂ ਖਰਾਬ ਪਈ ਹੈ। ਪਤਾ ਲੱਗਿਆ ਹੈ ਕਿ ਇਸ ਮੋਟਰ ਦਾ ਸਟਾਰਟ ਖਰਾਬ ਹੈ ਪਰ ਕਿਸੇ ਵੀ ਅਧਿਕਾਰੀ ਵਲੋਂ ਇਸ ਨੂੰ ਹਾਲੇ ਤੱਕ ਠੀਕ ਨਹੀਂ ਕਰਵਾਇਆ ਗਿਆ। ਮੁਸਾਫਰਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਵਿਚ ਪਾਣੀ ਵਰਤਣ ਲਈ ਦੂਰ ਦੁਰਾਡੇ ਤੋਂ ਲੈਣਾ ਪੈਂਦਾ ਭਾਵੇਂ ਕਿ ਨਗਰ ਕੌਂਸਲ ਵਲੋਂ ਇਥੇ ਇਕ ਪਾਣੀ ਦਾ ਕੈਂਟਰ ਖੜ੍ਹਾ ਕੀਤਾ ਗਿਆ ਹੈ। ਇਸ ਸੰਬੰਧੀ ਨਗਰ ਕੌਂਸਲ ਮੋਰਿੰਡਾ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਤੇ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਫ਼ਾਈ ਕਰਾ ਦੇਣਗੇ। ਮੋਟਰ ਖਰਾਬ ਹੁਣ ਸੰਬੰਧੀ ਉਨ੍ਹਾਂ ਕਿਹਾ ਕਿ ਮੋਟਰ ਵੀ ਜਲਦੀ ਹੀ ਠੀਕ ਕਰਵਾ ਦਿੱਤੀ ਜਾਵੇਗੀ