logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਲਕਾ ਖੰਨਾ ਦੇ ਵੱਖੋ-ਵੱਖ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ

ਖੰਨਾ, 31 ਮਈ, 2025 : (ਅਵਨੀਤ ਸਿੰਘ ਰਾਏ )

ਨਸ਼ਾ ਮੁਕਤੀ ਯਾਤਰਾ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਇੱਕ ਅਜਿਹੀ ਪਹਿਲ ਕਦਮੀ ਹੈ, ਜਿਸ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ।

ਇਹ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ ਅਤੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਖੰਨਾ ਤੋਂ ਕੋਆਰਡੀਨੇਟਰ ਪਰਮਪ੍ਰੀਤ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਅਧੀਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਹਿਨੁਮਾਈ ਵਿੱਚ ਪਿੰਡ ਰਾਏਪੁਰ ਰਾਜਪੂਤਾਂ, ਅਸ਼ਗਰੀਪੁਰ, ਘੁੰਗਰਾਲੀ ਰਾਜਪੂਤਾਂ ਅਤੇ ਗਾਜ਼ੀਪੁਰ ਵਿਖੇ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।

ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ ਅਤੇ ਕੋਆਰਡੀਨੇਟਰ ਪਰਮਪ੍ਰੀਤ ਸਿੰਘ ਪੌਂਪੀ ਨੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਇੱਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ ਜਾਵੇ। ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ।

ਇਸ ਮੌਕੇ "ਆਪ" ਦੇ ਬਲਾਕ ਪ੍ਰਧਾਨ ਦਿਹਾਤੀ ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰ ਕੇ ਬਹੁਤ ਹੱਦ ਤੱਕ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਗਿਆ ਹੈ ਅਤੇ ਸੂਬੇ ਨੂੰ ਮੁੜ ਹਸਦਾ-ਵਸਦਾ ਤੇ ਰੰਗਲਾ ਪੰਜਾਬ ਬਨਾਉਣ ਦੇ ਰਾਹ ਪਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਜਾਂ ਫਿਰ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸ ਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਮੌਕੇ ਬੀ.ਡੀ.ਪੀ.ਓ ਖੰਨਾ ਗੁਰਪ੍ਰੀਤ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਜੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਸਬੰਧੀ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ।

ਇਸ ਮੌਕੇ ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਸਰਕਾਰੀ ਹਾਈ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਮੁੱਖ ਅਧਿਆਪਕ ਗੁਰਦੀਪ ਘਈ, ਬਲਾਕ ਪ੍ਰਧਾਨ ਅਤੇ ਸਰਪੰਚ ਸੁਰਜੀਤ ਸਿੰਘ ਮਹਿੰਦੀਪੁਰ, ਸੁਖਦੀਪ ਸਿੰਘ ਕਾਹਲੋਂ, ਅਮ੍ਰਿਤਪਾਲ ਸਿੰਘ, ਪੁਲਿਸ ਵਿਭਾਗ, ਪੰਚਾਇਤ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰ, ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।

103
1714 views

Comment