
ਜਮੀਨ ਪਿੱਛੇ ਕਿਸਾਨ ਆਗੂ ਦਾ ਪੁੱਤਰ ਵੱਲੋਂ ਕਹੀ ਮਾਰਕੇ ਕੀਤਾ ਕਤਲ।
ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ 'ਚ ਜਮੀਨੀ ਵਿਵਾਦ ਦੇ ਚੱਲਦਿਆਂ ਇੱਕ ਪੁੱਤ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਆਪਣੇ ਪਿਤਾ ਨੂੰ ਕਹੀ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁੱਤ ਦੇ ਇਸ ਹਮਲੇ ਵਿਚ ਗੰਭੀਰ ਜਖ਼ਮੀ ਹੋਏ ਪਿਤਾ ਨੇ ਹਸਪਤਾਲ ਅੰਦਰ ਦਮ ਤੋੜ ਦਿੱਤਾ, ਜਿਸਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਕਾਤਲ ਪੁੱਤ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਿਤਾ ਦੀ ਪਹਿਚਾਣ ਦਵਿੰਦਰ ਸਿੰਘ ਸਰਾਂ ਵਜੋਂ ਹੋਈ ਹੈ, ਜੋਕਿ ਇਲਾਕੇ ਦਾ ਸਰਗਰਮ ਕਿਸਾਨ ਆਗੂ ਵੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦਵਿੰਦਰ ਸਿੰਘ ਸਾਲ 2022 ਦੀਆਂ ਚੋਣਾਂ ਦੌਰਾਨ ਕਿਸਾਨ ਮੋਰਚੇ ਵੱਲੋਂ ਤਲਵੰਡੀ ਸਾਬੋ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜਿਆ ਸੀ। ਦਸਿਆ ਜਾ ਰਿਹਾ ਕਿ ਇਸ ਕਤਲ ਕਾਂਡ ਵਿਚ ਪੁੱਤ ਦੇ ਕਈ ਹੋਰ ਸਾਥੀ ਵੀ ਸ਼ਾਮਲ ਹੋ ਸਕਦੇ ਹਨ, ਜਿਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਦੋਨਾਂ ਪਿਉ-ਪੁੱਤਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਹੀ ਬੀਤੀ ਸ਼ਾਮ ਆਰੋਪੀ ਪੁੱਤਰ ਅਮਨਿੰਦਰ ਸਿੰਘ ਨੇ ਆਪਣੇ ਪਿਤਾ 'ਤੇ ਕਹੀ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜਖ਼ਮੀ ਕਰ ਦਿੱਤਾ, ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰੰਤੂ ਅੱਜ ਸੋਮਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਡੀਐਸਪੀ ਤਲਵੰਡੀ ਸਾਬੋ ਸ਼੍ਰੀ ਰਾਜੇਸ਼ ਸਨੇਹੀ ਮੁਤਾਬਕ ਇਸ ਮਾਮਲੇ ਵਿਚ ਮ੍ਰਿਤਕ ਦਵਿੰਦਰ ਸਿੰਘ ਵਾਸੀ ਗੁਰੂਸਰ ਜਗਾ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ਉਪਰ ਤਲਵੰਡੀ ਸਾਬੋ ਪੁਲਿਸ ਵੱਲੋਂ ਪਹਿਲਾਂ 109, 115(2), 3(5) ਬੀ.ਐਨ.ਐਸ. ਤਹਿਤ ਅਮਨਿੰਦਰ ਸਿੰਘ ਵਾਸੀ ਗੁਰੂਸਰ ਜਗਾ, ਤਰਲੋਕ ਸਿੰਘ ਤੇ ਹੈਮਲੀ ਵਾਸੀ ਭਾਗੀਵਾਂਦਰ ਵਿਰੁਧ ਪਰਚਾ ਦਰਜ਼ ਕੀਤਾ ਜਾ ਚੁੱਕਿਆ ਸੀ, ਜਿਸ ਵਿਚ ਹੁਣ 103 ਬੀ.ਐਨ.ਐਸ ਦਾ ਵਾਧਾ ਕੀਤਾ ਗਿਆ ਹੈ।