
ਦਾਦੂਵਾਲ ਮੁੜ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, 9 ਮੈਂਬਰਾਂ ਦੀ ਹੋਈ ਚੋਣ
13 ਨੂੰ ਹੋਵੇਗਾ ਸਹੁੰ ਚੁੱਕ ਸਮਾਗਮ ਤੇ ਮੁੜ ਹੋਵੇਗੀ ਪ੍ਰਧਾਨ ਦੀ ਚੋਣ
ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਐਤਵਾਰ ਨੂੰ ਆਪਣੇ 9 ਮੈਂਬਰ ਨਾਮਜਦ ਕੀਤੇ ਗਏ। ਇੰਨ੍ਹਾਂ ਨਾਮਜਦ ਮੈਂਬਰਾਂ ਤੋਂ ਬਾਅਦ ਹੁਣ ਹਾਊਸ ਦੀ ਕੁੱਲ ਗਿਣਤੀ 49 ਹੋ ਗਈ ਹੈ। ਸਰਕਾਰੀ ਰੇਸਟ ਹਾਊਸ ਵਿਚ ਹੋਈ ਇਸ ਮੀਟਿੰਗ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਮੈਂਬਰ ਵਜੋਂ ਨਾਮਜਦਕ ਕੀਤਾ ਗਿਆ, ਜੋਕਿ ਲੰਘੀ ਜਨਵਰੀ ਮਹੀਨੇ ਹੋਈ ਚੋਣ ਵਿਚ ਹਾਰ ਗਏ ਸਨ। ਮਿਲੀ ਸੂਚਨਾ ਮੁਤਾਬਕ ਅੱਜ ਨਾਮਜਦ ਕੀਤੇ ਮੈਂਬਰਾਂ ਵਿਚ ਬਾਦਲ ਧੜਾ ਵੀ ਅਜ਼ਾਦ ਮੈਂਬਰਾਂ ਨਾਲ ਗਠਜੋੜ ਕਰਨ ਤੋਂ ਬਾਅਦ 4 ਮੈਂਬਰ ਨਾਮਜਦ ਕਰਵਾਉਣ ਵਿਚ ਸਫ਼ਲ ਰਿਹਾ ਹੈ। ਜਦਕਿ ਦਾਦੂਵਾਲ ਤੇ ਦੂਜੇ ਧੜਿਆਂ ਦੇ 5 ਮੈਂਬਰ ਨਾਮਜਦ ਹੋਏ ਹਨ। ਹੁਣ ਹਾਊਸ ਪੂਰਾ ਹੌਣ ਤੋਂ ਬਾਅਦ 13 ਮਈ ਨੂੰ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਤੇ ਉਸਤੋਂ ਬਾਅਦ ਜਲਦੀ ਹੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਹਰਿਆਣਾ ਦੇ ਸਿੱਖ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਬਣਨ ਦੀ ਦੋੜ ਵਿਚ ਸ਼ਾਮਲ ਹਨ। ਦਸਣਾ ਬਣਦਾ ਹੈ ਕਿ ਹਰਿਆਣਾ 'ਚ ਹੁੱਡਾ ਸਰਕਾਰ ਦੌਰਾਨ 11 ਜੁਲਾਈ 2014 ਨੂੰ ਹੌਂਦ ਵਿਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਪਹਿਲੀ ਵਾਰ ਚੋਣ ਹੋਈ ਹੈ। ਜਿਸਦੇ ਵਿਚ 40 ਮੈਂਬਰ ਸਿੱਧੇ ਤੌਰ 'ਤੇ ਸਿੱਖ ਵੋਟਰਾਂ ਵੱਲੋਂ ਚੁਣੇ ਗਏ ਸਨ। ਹਰਿਆਣਾ ਸਰਕਾਰ ਵੱਲੋਂ ਕਮੇਟੀ ਦੇ ਬਣਾਏ ਐਕਟ ਮੁਤਾਬਕ ਕੋਈ ਵੀ ਸਿਆਸੀ ਧਿਰ ਸਿੱਧੇ ਤੌਰ 'ਤੇ ਇਸਦੀ ਚੋਣ ਨਹੀਂ ਲੜ ਸਕਦੀ, ਜਿਸਦੇ ਚੱਲਦੇ ਵੱਖ-ਵੱਖ ਸਿਆਸੀ ਧਿਰਾਂ ਨੇ ਮੋਰਚੇ ਬਣਾ ਕੇ ਇਹ ਚੋਣ ਲੜੀ ਸੀ। ਹੁਣ ਤੱਕ ਸੂਬਾ ਸਰਕਾਰ ਵੱਲੋਂ ਹੀ ਬਣਾਈਆਂ ਹੋਈਆਂ ਕਮੇਟੀਆਂ ਹਰਿਆਣਾ ਦੇ ਗੁਰਦੂਆਰਿਆਂ ਦਾ ਪ੍ਰਬੰਧ ਦੇਖਦੀਆਂ ਆ ਰਹੀਆਂ ਹਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਰਿਆਣਾ ਦੀ ਵੱਖਰੀ ਸਿੱਖ ਕਮੇਟੀ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ ਤੇ ਇਸਨੂੰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਸਿਆ ਸੀ। ਹਾਲਾਂਕਿ ਹਰਿਆਣਾ ਕਮੇਟੀ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੰਮ ਕਰ ਰਹੀ ਹੈ।