
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਤਲਵੰਡੀ ਸਾਬੋ ਵਿਖੇ ਜੰਗ ਦੇ ਵਿਰੋਧ ਵਿੱਚ ਕੱਢਿਆ ਮਾਰਚ
ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਤਲਵੰਡੀ ਸਾਬੋ ਵਿੱਚ ਸਦਭਾਵਨਾ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਜ਼ਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਬੰਦ ਕੀਤੀ ਜਾਵੇ। ਆਗੂ ਨੇ ਅੱਤਵਾਦੀਆਂ ਵੱਲੋਂ ਪਹਿਲਗਾਮ ਕਤਲੇਆਮ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਹਮਲੇ ਦੇ ਸ਼ਿਕਾਰ ਵਿਅਕਤੀਆਂ ਦੇ ਵਾਰਸਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਗਈ। ਇਸ ਘਟਨਾ ਨੂੰ ਭਾਰਤੀ ਹਾਕਮਾਂ ਵੱਲੋਂ ਹਿੰਦੂ ਮੁਸਲਮ ਫਿਰਕੂ ਰੰਗਤ ਰਾਹੀਂ ਆਮ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਅੰਨ੍ਹੀ ਫਿਰਕੂ ਨਫ਼ਰਤ ਫੈਲਾ ਕੇ ਆਪਸ ਵਿੱਚ ਲੜਾਉਣ ਦੀ ਸਾਜ਼ਸ਼ ਰਾਹੀਂ ਹੱਕੀ ਮੰਗਾਂ ਵਾਲੇ ਸ਼ਾਂਤਮਈ ਜਨਤਕ ਸੰਘਰਸ਼ਾਂ ਨੂੰ ਕੁਚਲਣ ਦਾ ਮਹੌਲ ਪੈਦਾ ਕਰਨ ਦੇ ਸਿਰਤੋੜ ਯਤਨਾਂ ਦੀ ਨਿਖੇਧੀ ਕੀਤੀ ਗਈ। ਦੋਨਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਇੱਕ ਦੂਜੇ ਦੇ ਸ਼ਹਿਰਾਂ/ਪਿੰਡਾਂ ਉੱਤੇ ਡ੍ਰੋਨ ਮਿਜ਼ਾਈਲਾਂ ਰਾਹੀਂ ਬੰਬ ਸੁੱਟਣ ਅਤੇ ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣ ਦੇ ਹਮਲਿਆਂ ਦੀ ਵੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਹ ਹਮਲੇ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਲੰਬੇ ਸਮੇਂ ਤੋਂ ਆਪਸੀ ਸਹਿਮਤੀ ਅਨੁਸਾਰ ਐਲ ਏ ਸੀ ਰਾਹੀਂ ਹੱਲ ਕੀਤੇ ਗਏ ਸਰਹੱਦੀ ਮਸਲੇ 'ਤੇ ਖੜ੍ਹਨ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ "ਜੰਗ ਨਹੀਂ, ਅਮਨ" ਦੇ ਨਾਹਰੇ ਨੂੰ ਬੁਲੰਦ ਕਰਦੇ ਹੋਏ ਆਉਂਦੇ ਦਿਨਾਂ ਚ ਆਉਣ ਵਾਲੇ ਸੱਦਿਆਂ ਚ ਵੀ ਵੱਧ ਚੱੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਜੋ ਭਗਵੰਤ ਮਾਨ ਵੱਲੋਂ ਜੰਗ ਨੂੰ ਸੁਨਹਿਰੀ ਮੌਕਾ ਸਮਝ ਕੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਘਰਾਂ 'ਤੇ ਕਬਜ਼ਿਆਂ ਦੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਤਹਿਤ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸਮੂਹ ਅਮਨ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ 14 ਮਈ ਨੂੰ ਜ਼ਿਲਾ ਪੱਧਰੇ ਕੀਤੇ ਜਾ ਰਹੇ ਅਮਨ ਮਾਰਚਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ। ਇਸ ਸਮੇਂ ਬਲਾਕ ਆਗੂ ਹਰਪ੍ਰੀਤ ਸਿੰਘ ਚੱਠੇਵਾਲਾ, ਰਣਜੋਧ ਸਿੰਘ ਮਾਹੀਨੰਗਲ, ਕਲੱਤਰ ਸਿੰਘ ਕਲਾਲਵਾਲਾ ਸਮੇਂਤ ਪਿੰਡ ਆਗੂ ਹਾਜ਼ਰ ਸਨ।