
ਨਸ਼ੀਲੇ ਪਦਾਰਥਾਂ ਸਮੇਤ ਨੌਜਵਾਨ ਗ੍ਰਿਫਤਾਰ, ਪੁਲਿਸ ਵੱਲੋਂ ਜਾਂਚ ਜਾਰੀ
ਸ਼੍ਰੀ ਅਨੰਦਪੁਰ ਸਾਹਿਬ, 22 ਮਾਰਚ 2025 – ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਜਿਲਾ ਰੂਪਨਗਰ, ਸ੍ਰੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਉਪ-ਕਪਤਾਨ ਪੁਲਿਸ ਸ੍ਰੀ ਅਜੇ ਸਿੰਘ, ਪੀ.ਪੀ.ਐਸ. ਦੀ ਅਗਵਾਈ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦੇ ਤਹਿਤ, ਮੁੱਖ ਅਫਸਰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਚੌਕੀ ਇੰਚਾਰਜ ਗੁਰਮੁਖ ਸਿੰਘ ਅਤੇ ASI ਹਰਜੀਤ ਸਿੰਘ ਨੇ ਮਿਤੀ 21 ਮਾਰਚ 2025 ਨੂੰ ਚਰਨ ਗੰਗਾ ਸਟੇਡੀਅਮ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ, ਨੌਜਵਾਨ ਕਰਨਵੀਰ ਸਿੰਘ ਉਰਫ਼ ਬੰਟੀ ਉਰਫ਼ ਪਾਂਡਾ, ਪੁੱਤਰ ਅਵਤਾਰ ਕ੍ਰਿਸ਼ਨ, ਵਾਸੀ ਮੁਹੱਲਾ ਫਤਿਹਗੜ੍ਹ, ਵਾਰਡ ਨੰਬਰ 2, ਸ਼੍ਰੀ ਅਨੰਦਪੁਰ ਸਾਹਿਬ ਕੋਲੋਂ ਸਕੂਟਰ ਐਕਟਿਵਾ ਨੰਬਰ PB 16 H 5843 (ਚਿੱਟੇ ਰੰਗ ਦੀ ਡਿੱਗੀ) ਵਿੱਚੋਂ 11 ਟੀਕੇ LEEGESIC ਅਤੇ 11 ਸ਼ੀਸ਼ੀਆਂ ਬਿਨਾਂ ਲੇਬਲ ਬਰਾਮਦ ਕੀਤੀਆਂ ਗਈਆਂ।
ਇਸ ਸਬੰਧੀ ਮੁਕੱਦਮਾ ਨੰਬਰ 40 ਮਿਤੀ 21.03.2025 ਅਧੀਨ ਧਾਰਾ 22, 61, 85 NDPS ਐਕਟ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਤੋਂ ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਦੀ ਸਖ਼ਤ ਚੇਤਾਵਨੀ
ਇੰਚਾਰਜ ਪੁਲਿਸ ਚੌਕੀ ਸ਼੍ਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਕਿਸੇ ਵੀ ਤਰਾ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰ ਰਿਹਾ ਹੋਵੇ, ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।
ਪੁਲਿਸ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।