
ਯੁੱਧ ਨਸ਼ਿਆਂ ਵਿਰੁੱਧ: ਡਿਪਟੀ ਕਮਿਸ਼ਨਰ ਵਲੋਂ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਦਾ ਜਾਇਜ਼ਾ
ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅਤੇ ਐਨਕਾਰਡ ਤਹਿਤ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਸਾਰੇ ਵਿਭਾਗ ਨਸ਼ਿਆਂ ਵਿਰੁੱਧ ਆਪਣੇ ਐਕਸ਼ਨ ਪਲਾਨ ਤਿਆਰ ਕਰਨ ਅਤੇ ਸਮੇਂ ਸਮੇਂ 'ਤੇ ਜਾਗਰੂਕਤਾ ਗਤੀਵਿਧੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਵਿਭਾਗਾਂ ਵਲੋਂ ਵਿਸ਼ੇਸ਼ ਕਰਕੇ ਸਿਹਤ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐੱਸ ਪੀ ( ਹੈੱਡ ਕੁਆਰਟਰ) ਸ੍ਰੀ ਸੌਰਵ ਜਿੰਦਲ ਨੇ ਦੱਸਿਆ ਕਿ ਬਰਨਾਲਾ ਪੁਲੀਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਨਸ਼ਾ ਮੁਕਤ ਕਮੇਟੀਆਂ ਬਣਾਉਣ ਅਤੇ ਪਿੰਡਾਂ ਦੇ ਸਰਗਰਮ ਲੋਕਾਂ ਦਾ ਸਹਿਯੋਗ ਲੈਣ ਲਈ ਰਣਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਬੰਧ ਵਿੱਚ ਬਰਨਾਲਾ ਦੇ ਹਾਟ ਸਪਾਟ ਖੇਤਰਾਂ ਦੀ ਪਛਾਣ ਕਰਕੇ ਡੀ ਐੱਸ ਪੀ ਰੈਂਕ ਦੇ ਅਧਿਕਾਰੀਆਂ ਨੂੰ ਜ਼ਿੰਮਾ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਵਲੋਂ ਵੱਖ ਵੱਖ ਥਾਈਂ ਤਲਾਸ਼ੀ ਅਭਿਆਨ ਲਗਾਤਾਰ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ ਡੀ ਐਮ ਗੁਰਬੀਰ ਸਿੰਘ ਕੋਹਲੀ, ਐੱਸ ਡੀ ਐਮ ਰਿਸ਼ਭ ਬਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ ਜੁਗਰਾਜ ਸਿੰਘ ਕਹਲੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।