
ਰਿਲਾਇੰਸ ਸਮਾਰਟ ਪੁਆਇੰਟ ਸਾਹਮਣੇ ਡੀ ਐਸ ਪੀ ਦਫਤਰ ਕੋਟਕਪੂਰਾ ਵੱਲੋਂ ਕੀਤੀ ਜਾ ਰਹੀ ਜਨਤਾ ਦੀ ਸਿਹਤ ਨਾਲ ਖਿਲਵਾੜ ਸਬੰਧੀ ਇੱਕ ਲਿਖਤੀ ਦਰਖਾਸਤ ਸੰਪਾਦਕ ਕਪੂਰ ਪੱਤ੍ਰਿਕਾ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਜਾਂਚ ਅਤੇ ਕਾਰਵਾਈ ਲਈ ਕਰਵਾਈ ਗਈ ਦਰਜ
ਡਿਪਟੀ ਕਮਿਸ਼ਨਰ ਫਰੀਦਕੋਟ ਜੀ ਦੇ ਆਦੇਸ਼ਾਂ ਤੇ ਫੂਡ ਸੇਫਟੀ ਵਿਭਾਗ ਵੱਲੋਂ ਕੀਤੀ ਗਈ ਰੇਡ ਅਤੇ ਭਰੇ ਗਏ ਸੈਂਪਲ
ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ - ਫੂਡ ਸੇਫਟੀ ਅਫਸਰ
ਕੋਟਕਪੂਰਾ- ਬੀਤੇ ਦਿਨੀ 9 ਫਰਵਰੀ ਦਿਨ ਐਤਵਾਰ ਨੂੰ ਸਮਾਂ ਕਰੀਬ ਰਾਤ 9:30 ਤੇ ਕਪੂਰ ਪੱਤ੍ਰਿਕਾ ਦੇ ਮੁੱਖ ਸੰਪਾਦਕ ਡਾਕਟਰ ਮੁਹੰਮਦ ਸਲਮਾਨ ਕਪੂਰ ਆਪਣੀ ਬੇਟੀ ਦੇ ਨਾਲ ਰਿਲਾਇੰਸ ਸਮਾਰਟ ਪੁਆਇੰਟ ਸਾਹਮਣੇ ਡੀ.ਐਸ.ਪੀ ਦਫਤਰ ਕੋਟਕਪੂਰਾ ਤੋਂ ਕੁਝ ਘਰੇਲੂ ਸਮਾਨ ਦੀ ਖਰੀਦਦਾਰੀ ਕਰਨ ਗਏ ਸਨ । ਜਿਸ ਦੇ ਵਿੱਚ ਉਨਾਂ ਵੱਲੋਂ ਅਮੂਲ ਦੀ 500 ਗ੍ਰਾਮ ਪੈਕਿੰਗ ਵਾਲਾ ਮੱਖਣ ਦਾ ਪੈਕ ਵੀ ਖਰੀਦਿਆ ਗਿਆ ਸੀ। ਬਿੱਲ ਦੀ ਪੇਮੈਂਟ ਡਾਕਟਰ ਕਪੂਰ ਵੱਲੋਂ ਆਨਲਾਈਨ ਮਾਧਿਅਮ ਦੇ ਰਾਹੀਂ ਗੂਗਲ ਪੇ ਤੋਂ ਕੀਤੀ ਗਈ ਸੀ। ਜਦ ਡਾਕਟਰ ਕਪੂਰ ਦੀ ਬੇਟੀ ਨੇ ਹੋਸਟਲ ਵਿਖੇ ਪਹੁੰਚ ਕੇ ਮੱਖਣ ਦੀ ਪੈਕਿੰਗ ਨੂੰ ਖੋਲਿਆ ਤਾਂ ਅੰਦਰੋਂ ਮੱਖਣ ਚਾਰੇ ਪਾਸੇ ਕਾਲਾ ਹੋਇਆ ਦਿਖਾਈ ਦਿੱਤਾ। ਜਿਸ ਦੀ ਜਾਣਕਾਰੀ ਆਇਸ਼ਾ ਕਪੂਰ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦਿੱਤੀ ਅਤੇ ਮੱਖਣ ਦੀਆਂ ਵੀਡੀਓ ਫੋਟੋਆਂ ਵਗੈਰਾ ਭੇਜੀਆਂ। ਬੇਟੀ ਨੂੰ ਤੁਰੰਤ ਮੱਖਣ ਨੂੰ ਪਾਸੇ ਰੱਖ ਦੇਣ ਦੀ ਹਿਦਾਇਤ ਕਰਨ ਤੋਂ ਬਾਅਦ ਸੰਪਾਦਕ ਕਪੂਰ ਪੱਤ੍ਰਿਕਾ ਵੱਲੋਂ ਰਿਲਾਇੰਸ ਸਮਾਰਟ ਪੁਆਇੰਟ ਕੋਟਕਪੂਰਾ ਦੇ ਵਿਰੁੱਧ ਇੱਕ ਲਿਖਤੀ ਸ਼ਿਕਾਇਤ ਮਿਤੀ 10 ਫਰਵਰੀ 2025 ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਸਿੱਧੂ, ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੂੰ ਦਰਜ ਕਰਵਾ ਦਿੱਤੀ ਗਈ। ਡਾਕਟਰ ਕਪੂਰ ਨੇ ਲਿਖਤੀ ਸ਼ਿਕਾਇਤ ਦੇ ਵਿੱਚ ਮੰਗ ਕੀਤੀ ਸੀ ਕਿ ਤੁਰੰਤ ਮੇਰੀ ਦਰਖਾਸਤ ਤੇ ਕਾਰਵਾਈ ਕੀਤੀ ਜਾਵੇ ਅਤੇ ਰਿਲਾਇੰਸ ਸਮਾਰਟ ਪੁਆਇੰਟ ਕੋਟਕਪੂਰਾ ਦੇ ਸੈਂਪਲ ਭਰੇ ਜਾਣ। ਤਾਂ ਜੋ ਕੋਟਕਪੂਰੇ ਦੀ ਜਨਤਾ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾ ਸਕੇ।
ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਰਖਾਸਤ ਤੇ ਤੁਰੰਤ ਕਾਰਵਾਈ ਕਰਦਿਆਂ ਫੂਡ ਸੇਫਟੀ ਵਿਭਾਗ ਨੂੰ ਤੁਰੰਤ ਰੇਡ ਕਰਨ ਦੀ ਅਤੇ ਸੈਂਪਲ ਭਰਨ ਦੀ ਹਿਦਾਇਤ ਜਾਰੀ ਕਰ ਦਿੱਤੀ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਤੇ ਅਮਲ ਕਰਦਿਆਂ ਫੂਡ ਸੇਫਟੀ ਵਿਭਾਗ ਦੇ ਡੈਜੀਗਨੇਟਡ ਅਫਸਰ ਅੰਮ੍ਰਿਤਪਾਲ ਸਿੰਘ ਸੋਢੀ, ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਆਪਣੀ ਪੂਰੀ ਟੀਮ ਸਹਿਤ ਮਿਤੀ 11 ਫਰਵਰੀ ਸਮਾਂ ਕਰੀਬ 11:30 ਵਜੇ ਰਿਲਾਇੰਸ ਸਮਰਟ ਪੁਆਇੰਟ
ਕੋਟਕਪੂਰਾ ਵਿਖੇ ਰੇਡ ਕੀਤੀ, ਅਤੇ ਉਥੋਂ ਮੱਖਣ, ਦੇਸੀ ਘਿਓ, ਬੇਸਣ ਅਤੇ ਅਚਾਰ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਲਾਇੰਸ ਸਮਾਰਟ ਪੁਆਇੰਟ ਤੋਂ ਅਸੀਂ ਚਾਰ ਸੈਂਪਲ ਭਰੇ ਹਨ ਅਤੇ ਉਹਨਾਂ ਨੂੰ ਸੀਲ ਕਰਕੇ ਲੈਬ ਵਿੱਚ ਭੇਜ ਦਿੱਤਾ ਗਿਆ ਹੈ। 14 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਦੱਸਿਆ ਕਿ ਜੋ ਮੱਖਣ ਦੇ ਸੈਂਪਲ ਭਰੇ ਗਏ ਹਨ ਉਸ ਦੀ ਮੈਨੂਫੈਕਚਰਿੰਗ ਤਰੀਕ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਵਿੱਚ ਦਰਜ ਮੈਨੂੰਫੈਕਚਰਿੰਗ ਤਰੀਕ ਦੇ ਨਾਲ ਮੇਲ ਖਾਂਦੀ ਹੈ ਜਾਨੀ ਕਿ 11 ਮਾਰਚ 2024 ਦੀ ਮੈਨੂਫੈਕਚਰਿੰਗ ਹੀ ਪਾਈ ਗਈ ਹੈ। ਫੂਡ ਸੇਫਟੀ ਵਿਭਾਗ ਦੀ ਟੀਮ ਵਧਾਈ ਦੀ ਪਾਤਰ ਹੈ ਜਿਨਾਂ ਨੇ ਦਰਖਾਸਤ ਤੇ ਤੁਰੰਤ ਕਾਰਵਾਈ ਕਰਦਿਆਂ ਸੈਂਪਲਿੰਗ ਕੀਤੀ। ਡਾਕਟਰ ਕਪੂਰ ਨੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਸਿੱਧੂ ਜੀ ਦਾ ਧੰਨਵਾਦ ਕੀਤਾ ਜਿਨਾਂ ਨੇ ਦਰਖਾਸਤ ਤੇ ਤੁਰੰਤ ਅਮਲ ਕਰਦਿਆਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸ਼ਿਕਾਇਤ ਕਰਤਾ ਨੇ ਮੰਗ ਕੀਤੀ ਹੈ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਰਿਲਾਇੰਸ ਸਮਾਰਟ ਪੁਆਇੰਟ ਕੋਟਕਪੂਰਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ/ਕਰਵਾਈ ਜਾਵੇ ਤਾਂ ਜੋ ਭੋਲੀ ਭਾਲੀ ਜਨਤਾ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾ ਸਕੇ।