logo

ਵੀਰ ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ।

ਸਿੱਖ ਇਤਿਹਾਸ ਦੀ ਸ਼ਹੀਦੀ ਪਰੰਪਰਾ ਮਾਨਵ ਕਲਿਆਣ ਮਾਡਲ, ਹੇ ਸ਼ਿਵਾ ਕਲਿਆਣਕਾਰੀ ਸ਼ਕਤੀ ਸ੍ਰੀ ਅਕਾਲ ਪੁਰਖ ਵਾਹਿਗੁਰੂ! ਕਿਰਪਾ ਕਰਕੇ ਮੈਨੂੰ ਇਹ ਵਰ ਬਖ਼ਸ਼ ਕਿ ਮੈਂ ਸ਼ੁਭ ਕਰਮਾਂ ਤੋਂ ਕਦੀ ਵੀ ਪਿੱਛੇ ਨਾ ਹਟਾਂ ਅਤੇ ਜਦੋਂ ਮੈਂ ਰਣਭੂਮੀ ਵਿਚ ਜਾ ਕੇ ਵੈਰੀਆਂ ਨਾਲ ਜੁੱਧ ਕਰਾਂ ਤਾਂ ਮੈਂ ਉਨ੍ਹਾਂ ਤੋਂ ਜ਼ਰਾ ਨਾ ਡਰਾਂ ਅਤੇ ਨਿਸ਼ਚੇ ਪੂਰਵਕ ਆਪਣੀ ਜਿੱਤ ਪ੍ਰਾਪਤ ਕਰਾਂ। ਮੈਂ ਆਪਣੇ ਮਨ ਨੂੰ ਸ਼ੁਭ ਸਿੱਖਿਆ ਦੇਵਾਂ ਤੇ ਮੈਨੂੰ ਇਹੋ ਲਾਲਚ ਹੋਵੇ ਕਿ ਮੈਂ ਤੇਰੇ ਗੁਣਾਂ ਦਾ ਉਚਾਰਨ ਕਰਦਾ ਰਹਾਂ। ਜਦੋਂ ਮੇਰੀ ਉਮਰ ਦਾ ਅੰਤ ਸਮਾਂ ਆਵੇ ਤਦੋਂ ਮੈਂ ਰਣਭੂਮੀ ਵਿਚ ਲੜਦਾ ਲੜਦਾ ਹੀ ਮਰ ਜਾਵਾਂ ਭਾਵ ਧਰਮ ਦੀ ਖ਼ਾਤਰ ਸ਼ਹੀਦ ਹੋ ਜਾਵਾਂ, ’ਤੇ ਅਮਲ ਸਦਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਹਰ ਪੱਖੋਂ ਸੰਸਾਰ ਦੇ ਧਰਮ ਇਤਿਹਾਸ ’ਚ ਲਾਸਾਨੀ ਹਨ।
ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਸੂਬਾ ਸਰਹਿੰਦ ਵਜੀਦ ਖਾਂ ਬਹੁਤ ਖ਼ੁਸ਼ ਹੋਇਆ। ਉਹ ਮਨ ਅੰਦਰ ਬਹੁਤ ਖ਼ੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾ। ਇਹ ਖ਼ਬਰ ਸੁਣਕੇ ਔਰੰਗਜ਼ੇਬ ਬਹੁਤ ਖ਼ੁਸ਼ ਹੋਵੇਗਾ, ਮੈਨੂੰ ਮੂੰਹ ਮੰਗਿਆ ਇਨਾਮ ਮਿਲੇਗਾ । ਉਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਲਾਲਚ ਦਿੱਤਾ, ਡਰਾਇਆ ਧਮਕਾਇਆ ਗਿਆ। ਪਰ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕੀਤਾ। ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ।
ਹਾਕਮ ਨੇ ਕਿਹਾ, 'ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ 'ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀਂ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖ਼ਿਲਾਫ਼ ਲੜਦੇ ਰਹਾਂਗੇ, ਸਿਲਸਿਲਾ ਚਲਦਾ ਰਹੇਗਾ।
ਅਖੀਰ ਸ਼ਾਂਤ ਤੇ ਆਪਣੇ ਫ਼ੈਸਲੇ 'ਤੇ ਅਟੱਲ ਸਾਹਿਬਜ਼ਾਦਿਆਂ ਨੂੰ ਜ਼ਿਬ੍ਹਾ ਕਰਨ ਦਾ ਹੁਕਮ ਸੁਣਾਇਆ ਗਿਆ। ਬਚਿਆਂ ਨੂੰ ਨੀਂਹਾਂ - ਕੰਧ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿੱਗ ਪਈ ਸੀ। ਫੁੱਲਾਂ ਵਰਗੇ ਸਰੀਰ ਵਾਲੇ ਬੱਚੇ ਬੇਹੋਸ਼ ਪਰ ਸਹਿਕ ਰਹੇ ਸਨ। ਜਲਾਦਾਂ ਨੇ ਦੋਵੇਂ ਬੱਚਿਆਂ ਦੇ ਗੱਲਾਂ ’ਤੇ ਛੁਰੀਆਂ ਫੇਰ ਕੇ ਤੜਫਾ ਤੜਫਾ ਕੇ ਸ਼ਹੀਦ ਕੀਤਾ। ਬਾਬਾ ਫ਼ਤਿਹ ਸਿੰਘ ਜਿਸ ਦੀ ਉਮਰ ਕੇਵਲ 7 ਸਾਲ ਸੀ, 12- 13 ਮਿੰਟ ਤੜਫ਼ਦਾ ਰਿਹਾ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਲਗਪਗ 9 ਸਾਲ ਸਨ। ਇਹ ਸਾਰਾ ਤਸ਼ੱਦਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖ਼ਬਰ ਜਦੋਂ ਗੁਰੂਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਤਿੰਨੇ ਸ਼ਹੀਦਾਂ ਦਾ ਸਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਜ਼ਮੀਨ 'ਤੇ ਖੜ੍ਹੀਆਂ ਕਰ ਕੇ ਹਾਕਮ ਤੋਂ ਜ਼ਮੀਨ ਖ਼ਰੀਦੀ ਅਤੇ ਸਸਕਾਰ ਕੀਤਾ।
ਮੋਤੀ ਰਾਮ ਮਹਿਰਾ ਜੋ ਸੂਬਾ ਸਰਹਿੰਦ ਦੀ ਕੈਦ ਵਿਚ ਹਿੰਦੂ ਕੈਦੀਆਂ ਲਈ ਲੰਗਰ ਤਿਆਰ ਕਰਨ ਲਈ ਰਸੋਈ ਖ਼ਾਨੇ ਵਿੱਚ ਨੌਕਰੀ ਕਰਦਾ ਸੀ। ਹਾਕਮ ਨੇ ਕਿਸੇ ਵੀ ਸਿੱਖ ਦੀ ਮਦਦ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ’ਚ ਪੀੜ੍ਹ ਦੇਣ ਦਾ ਐਲਾਨ ਕੀਤਾ ਹੋਇਆ ਸੀ, ਫਿਰ ਵੀ ਮੋਤੀ ਰਾਮ ਮਹਿਰਾ ਨੇ ਗੁਰੂ ਕੇ ਲਾਲਾਂ ਦੀ ਤਿੰਨੇ ਦਿਨ ਚੋਰੀ ਛਿਪੇ ਦੁੱਧ ਪਿਲਾ ਕੇ ਸੇਵਾ ਕੀਤੀ। ਹਕੂਮਤ ਨੂੰ ਪਤਾ ਲਗਾ ਤਾਂ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪਿੜਵਾ ਦਿੱਤਾ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਿਰ ਸੰਦੇਹ “ਬਾਬੇਕਿਆਂ ਅਤੇ ਬਾਬਰਕਿਆਂ” ਵਿਚਕਾਰ ਖ਼ੂਨੀ ਟੱਕਰ ਦਾ ਸਿਖਰ ਸੀ। ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਵੱਲੋਂ ਐਮਨਾਬਾਦ ’ਚ ਬਾਬਰ ਨੂੰ ਜਾਬਰ ਕਹਿ ਕੇ ਕੀਤੀ ਸੀ। ਸਿੱਖ ਗੁਰੂ ਸਾਹਿਬਾਨ ਅਤੇ ਭਗਤੀ ਲਹਿਰ ਦੇ ਸੰਤ ਮਹਾਂਪੁਰਸ਼ ਭਾਰਤ ਨੂੰ ਵਿਦੇਸ਼ੀਆਂ ਦੀ ਸਦੀਆਂ ਤੋਂ ਜਾਰੀ ਗ਼ੁਲਾਮੀ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਸਨ।
ਇਸ ਤੋਂ ਪਹਿਲਾਂ ਧਰਮ ਦੀ ਰੱਖਿਆ ਲਈ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਜਿਸ ਬਾਬਤ ਬਾਦਸ਼ਾਹ ਜਹਾਂਗੀਰ ਨੇ ਆਪਣੀ ਡਾਇਰੀ ’’ਤੋਜ਼ਿਕਿ ਜਹਾਂਗੀਰੀ’’ ਵਿਚ ਲਿਖਿਆ ਕਿ ’’ਸਿੱਖੀ ਦੀ ਚੱਲ ਰਹੀ ਦੁਕਾਨ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਤਸੀਹੇ ਦੇਣ ਅਤੇ ਇਸਲਾਮ ਕਬੂਲ ਨਾ ਕਰਨ ’ਤੇ ਸ਼ਹੀਦ ਕਰ ਦੇਣ ਦਾ ਮੈਂ ਹੁਕਮ ਦਿੱਤਾ’’।
ਨੌਵੇਂ ਪਾਤਸ਼ਾਹ ਸਤਿਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੀ ਤਿਲਕ ਅਤੇ ਜੰਞੂ ਦੀ ਸਲਾਮਤੀ ਲਈ ਦਿਲੀ ਦੇ ਚਾਂਦਨੀ ਚੌਕ ਵਿਖੇ ਜਨਤਕ ਤੌਰ 'ਤੇ ਸਿਰ ਕਲਮ ਕਰਾ ਕੇ ਸ਼ਹਾਦਤ ਦਿੱਤੀ। ਇਸਲਾਮ ਕਬੂਲ ਕਰਨ ਦੀ ਥਾਂ ਮੌਤ ਨੂੰ ਤਰਜੀਹ ਦੇ ਕੇ ’’ਹਿੰਦ ਦੀ ਚਾਦਰ’’ ਕਹਿ ਲਾਇਆ। 9 ਸਾਲ ਦੀ ਉਮਰ ’ਚ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾਂਹ ਕੀਤੀ ਸੀ, ਆਪਣੀ ਮੌਜ ਵਿਚ ਆਏ ਤਾਂ ਜੰਞੂ ਨਹੀਂ ਪਾਉਣਾ, ਕਿਉਂਕਿ ਤੂੰ ਭੇਖ ਬਣਾ ਕੇ ਬੈਠਾ ਹੈ। ਧਰਮ ਨਹੀਂ, ਪਰ ਰੋਟੀ ਦਾ ਸਾਧਨ ਹੈ, ਮੈਂ ਨਹੀਂ ਪਾਵਾਂਗਾ। ਪਰ ਅੱਜ ਤੂੰ ਰਾਜਸੀ ਤਾਕਤ ਨਾਲ ਉਤਾਰਨਾ ਚਾਹੇ ਫਿਰ ਮੈ ਸਿਰ ਲਵਾ ਲਵਾਂਗਾ, ਜੰਞੂ ਉੱਤਰਨ ਨਹੀਂ ਦੇਵਾਂਗਾ। ਜੇ ਤਿਲਕ ਜੰਞੂ ਕੇਵਲ ਚਿੰਨ੍ਹ ਹੈ ਤਾਂ ਇਹ ਮਨਜ਼ੂਰ ਨਹੀਂ, ਪਰ ਜੇ ਜਬਰੀ ਉਤਾਰਨ ਦੀ ਗਲ ਹੈ ਤਾਂ ਵੀ ਇਹ ਸਾਨੂੰ ਮਨਜ਼ੂਰ ਨਹੀਂ।
ਗੁਰਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ।
ਭਾਵੇਂ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸਨਮਾਨ ਪਹਿਲਾ ਵੀ ਸੀ, ਹੁਣ ਵੀ ਹੈ ਅੱਗੇ ਵੀ ਰਹੇਗਾ। ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਰਾਸ਼ਟਰੀ ਪੱਧਰ ’ਤੇ ਸਦੀਆਂ ਤੋਂ ਕੁਝ ਨਹੀਂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਤਿਗੁਰਾਂ ਦੇ ਲਾਲਾਂ ਦੀ ਯਾਦ 'ਚ ਹਰ ਸਾਲ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਏ ਜਾਣ ਦਾ ਐਲਾਨ ਕਰਕੇ, ਇਸ ਦਿਹਾੜੇ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਸਾਹਿਬਜ਼ਾਦਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦੇ ਕੇ ਲੋਕਾਂ ਨੂੰ ਧਰਮ ਪਾਲਣ ਪ੍ਰਤੀ ਜਗਾਇਆ ਹੈ। ਇਹ ਧਰਮ ਦੇ ਨੇਕ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦੇਣ ਵਾਲੇ ਸਾਹਿਬਜ਼ਾਦਿਆਂ ਦੇ ਸਾਹਸ ਅਤੇ ਉਨ੍ਹਾਂ ਦੀ ਨਿਆਂ ਦੀ ਖੋਜ ਪ੍ਰਤੀ ਢੁਕਵੀਂ ਸ਼ਰਧਾਂਜਲੀ ਹੈ। ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਲੋਕਾਂ ਲਈ ਪ੍ਰੇਰਣਾ ਸਰੋਤ ਹਨ।
ਸਿੱਖਾਂ ਦੀ ਦੇਸ਼ ਸਮਾਜ ਪ੍ਰਤੀ ਵੱਡੀ ਭੂਮਿਕਾ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਨੂੰ ਮਹਿਸੂਸ ਕਰਨਾ ਪ੍ਰਧਾਨ ਮੰਤਰੀ ਮੋਦੀ ਦਾ ਸਿੱਖੀ ਪਿਆਰ ਵਿਚ ਵਿੰਨ੍ਹੇ ਹੋਣ ਦੀ ਨਿਸ਼ਾਨੀ ਹੈ, ਇਹ ਪਾਲਿਟਿਕਸ ਨਹੀਂ, ਸ਼ਹਾਦਤ ਨੂੰ ਨਮਨ ਹੈ, ਸਨਮਾਨ ਹੈ। ਇਸ ਕਦਮ ਨਾਲ ਖ਼ਾਲਸੇ ਦੇ ਬੋਲ-ਬਾਲੇ ਤੇ ਸਿੱਖੀ ਦੀ ਪਛਾਣ ਹੋਰ ਵਿਕਸਤ ਹੋਈ।
ਮੈਂ ਇਹ ਕਹਿਣ ’ਚ ਸੰਕੋਚ ਨਹੀਂ ਕਰਾਂਗਾ ਕਿ ਨਰਿੰਦਰ ਮੋਦੀ ਸਰਕਾਰ ਹੀ ਹੈ, ਜਿਨ੍ਹਾਂ ਨੇ ਵਲੂੰਧਰੇ ਹੋਏ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਵਲ ਵਿਸ਼ੇਸ਼ ਧਿਆਨ ਦਿੱਤਾ। ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਠੋਸ ਉਪਰਾਲਾ ਕੀਤਾ। ਪੀੜਤ ਪਰਿਵਾਰਾਂ ਦੀ ਮਾਲੀ ਮਦਦ ਅਤੇ ਨੌਕਰੀਆਂ ਦਿੱਤੀਆਂ। ਸਿੱਖ ਕੈਦੀਆਂ ਦੀ ਰਿਹਾਈ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ, ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀਆਂ ਧੂਮ ਧਾਮ ਨਾਲ ਮਨਾਈਆਂ ਗਈਆਂ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ, ਉਨ੍ਹਾਂ ਨੂੰ ਭਾਰਤ ’ਚ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦਾ ਮੌਕਾ ਦਿੱਤਾ। ਅੰਤਰਰਾਸ਼ਟਰੀ ਸਰਹੱਦ ’ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ( ਪਾਕਿਸਤਾਨ) ਲਈ ਲਾਂਘਾ ਖੋਲ੍ਹਣ ਦੀ 70 ਸਾਲ ਪੁਰਾਣੀ ਮੰਗ ਪੂਰੀ ਕੀਤੀ। ਪੰਜਾਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਸ਼ੁਰੂ ਕੀਤੀ । ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਕੇ ਲੰਗਰ ਨੂੰ ਜੀਐਸਟੀ ਮੁਕਤ ਕੀਤਾ। ਅਫ਼ਗ਼ਾਨਿਸਤਾਨ ਤੋਂ ਸਿੱਖਾਂ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਸਨਮਾਨ ਨਾਲ ਵਾਪਸ ਲਿਆਂਦੇ ਗਏ। ਅਫ਼ਗਾਨੀ ਰਫ਼ਿਊਜੀ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ।
ਆਓ ਦੇਸ਼ ’ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ। ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅਮਲੀ ਰੂਪ ’ਚ ਪ੍ਰਣਾਈਏ।

1
57 views