logo

ਕਿਸਾਨ ਖਾਦਾਂ ਅਤੇ ਦਵਾਈਆਂ ਦੇ ਡੀਲਰਾਂ ਤੋਂ ਬਿੱਲ ਜਰੂਰ ਲੈਣ-ਅਮਰਜੀਤ ਸਿੰਘ ਡੀ.ਏ.ਪੀ ਦੀ ਬਦਲਵੇ ਸ੍ਰੋਤ ਅਪਨਾ ਕੇ ਕਿਸਾਨ ਆਪਣੀਆਂ ਫਸਲਾਂ ਦੀ ਕਰਨ ਸਾਂਭ ਸੰਭਾਲ- ਖੇਤੀਬਾੜੀ ਅਫਸਰ

ਨੰਗਲ 17ਨਵੰਬਰ (ਸਰਬਜੀਤ ਸਿੰਘ)ਜਦੋਂ ਵੀ ਕਿਸਾਨ ਆਪਣੇ ਖੇਤਾਂ ਵਿੱਚ ਖਾਦਾਂ ਤੇ ਕੀਟਨਾਸ਼ਕ ਦੀ ਵਰਤੋਂ ਕਰਨ ਤਾਂ ਡੀਲਰਾਂ ਤੋ ਉਸ ਦੇ ਬਿੱਲ ਜਰੂਰ ਲੈਣ ਤੇ ਡੀਲਰ ਵੀ ਕਿਸਾਨਾਂ ਨੂੰ ਖਾਦਾਂ ਤੇ ਦਵਾਈਆਂ ਦੇ ਬਿੱਲ ਉਪਲੱਬਧ ਕਰਵਾਉਣ।
ਅੱਜ ਨੰਗਲ ਵਿਖੇ ਖਾਦ ਦਵਾਈ ਵਿਕਰੇਤਾ, ਡੀਲਰਾਂ ਤੇ ਦੁਕਾਨਦਾਰਾਂ ਦੀ ਚੈਕਿੰਗ ਦੌਰਾਨ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਉਪਰੰਤ ਕਿਸਾਨ ਕਣਕ ਦੀ ਬਿਜਾਈ ਕਰਦੇ ਹਨ, ਇਸ ਦੇ ਲਈ ਜ਼ਮੀਨ ਨੂੰ ਤਿਆਰ ਕਰਨ ਸਮੇਂ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਮਸ਼ੀਨਰੀ ਦੀ ਵਰਤੋ ਕਰਕੇ ਉਸ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਇਆ ਜਾਵੇਗਾ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਵੇ। ਡੀ.ਏ.ਪੀ ਖਾਦ ਦੀ ਥਾਂ ਬਦਲਵੇ ਸ੍ਰੋਤ ਅਪਨਾ ਕੇ ਵੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਨਾਲ ਸਾਡਾ ਭਵਿੱਖ ਆਉਣ ਵਾਲੇ ਖਤਰੇ ਤੋ ਬੱਚ ਰਿਹਾ ਹੈ, ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਨੁਕਸਾਨ ਹੁਣ ਸਭ ਦੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੱਧ ਕੀਟਨਾਸ਼ਕ ਦੀ ਵਰਤੋਂ ਨਾਲ ਮਨੁੱਖੀ ਸਿਹਤ ਤੇ ਅਸਰ ਪੈ ਰਿਹਾ ਹੈ।
ਅਮਰਜੀਤ ਸਿੰਘ ਨੇ ਦੱਸਿਆ ਕਿ ਡੀਲਰ ਖਾਦਾਂ ਦੇ ਨਾਲ ਹੋਰ ਸ੍ਰੋਤਾਂ ਦੀ ਟੈਗਿੰਗ ਨਾ ਕਰਨ ਤੇ ਕਿਸਾਨਾਂ ਨੂੰ ਸਹੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਨੇ ਡੀ.ਏ.ਪੀ ਖਾਦ ਦੇ ਬਦਲਵੇ ਸ੍ਰੋਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਪੀ.ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦੀ ਨਾਈਟ੍ਰੋਜਨ ਤੇ 16 ਫੀਸਦੀ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਡੀ.ਏ.ਪੀ ਦੇ ਬਦਲ ਦੇ ਰੂਪ ਵਿਚ ਐਨ.ਪੀ.ਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾ ਨੇ ਦੱਸਿਆ ਕਿ ਸੁਪਰ ਫਾਸਫੇਟ ਵਿਚ 16 ਫੀਸਦ ਫਾਸਫੋਰਸ ਤੇ 18 ਫੀਸਦ ਗੰਧਕ ਵੀ ਹੁੰਦਾ ਹੈ ਅਤੇ ਟ੍ਰਿਪਲ ਸੁਪਰ ਫਾਸਫੇਟ ਨੂੰ ਵੀ ਖਾਦ ਦੇ ਰੂਪ ਵਿਚ ਵਰਤਿਆਂ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਉ ਸ਼ਕਤੀ ਵੱਧ ਜਾਂਦੀ ਹੈ ਜਦੋਂ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ, ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ।

0
127 views