logo

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟ ਆਰਗਨਾਈਜੇਸ਼ਨ ਦਾ ਵਿਦਿਅਕ ਦੌਰਾ

ਤਲਵੰਡੀ ਸਾਬੋ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਡੀਨ ਡਾ. ਸੁਨੀਤਾ ਰਾਣੀ ਦੀ ਰਹਿਨੁਮਾਈ ਤੇ ਡਾ. ਜੀਨੀਅਸ ਵਾਲੀਆ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਨੇ ਕੇਂਦਰੀ ਵਿਗਿਆਨ ਯੰਤਰ ਸੰਗਠਨ (ਸੀ.ਐਸ.ਆਈ.ਓ.) ਤੇ ਇੰਡੋ ਸਵਿਸ ਟ੍ਰੇਨਿੰਗ ਸੈਂਟਰ (ਆਈ.ਐਸ.ਟੀ.ਸੀ) ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਵਾਲੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਯੰਤਰਾਂ ਵਿੱਚ ਹੋ ਰਹੇ ਬਦਲਾਵਾਂ ਅਤੇ ਖੋਜ ਕਾਰਜਾਂ ਬਾਰੇ ਜਾਣੂ ਕਰਵਾਉਣ ਲਈ ਸੀ.ਐਸ.ਆਈ.ਓ. ਤੇ ਸ਼ੀ.ਐਸ.ਆਈ.ਆਰ ਦੀ ਓਪਟਿਕਸ ਲੈਬ ਤੇ ਆਧੁਨਿਕ ਯੰਤਰ ਲੈਬ ਦਾ ਦੌਰਾ ਕਰਵਾਇਆ ਗਿਆ। ਜਿਸ ਵਿੱਚ ਦੋਹਾਂ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਸਪੈਕਟਰੋਮੀਟਰ, ਲੇਜ਼ਰ ਸਿਸਟਮ ਅਤੇ ਫਾਇਬਰ ਓਪਟਿਕ ਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਮੈਡੀਕਲ ਖੇਤਰ ਤੇ ਖੋਜ ਕਾਰਜਾਂ ਵਿੱਚ ਇਸਤੇਮਾਲ ਹੋਣ ਵਾਲੀਆਂ ਆਧੁਨਿਕ ਰੋਬੋਟਿਕ ਮਸ਼ੀਨਾਂ, ਆਟੋਮੇਸ਼ਨ ਸਿਸਟਮ, ਫੈਬਰੀਕੇਸ਼ਨ, ਮਕੈਨੀਕਲ, ਪ੍ਰੋਫਿਲੋਮੀਟਰ, ਆਪਟੀਕਲ ਟ੍ਰੇਪੈਨਿੰਗ ਮਸ਼ੀਨਾਂ ਆਦਿ ਤੇ ਟੈਸਟਿੰਗ ਸੰਬੰਧੀ ਯੰਤਰਾਂ ਦੇ ਇਸਤੇਮਾਲ ਅਤੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਖੇਤਾਂ ਅਤੇ ਵਾਤਾਵਰਣ ਨਿਗਰਾਨੀ ਆਦਿ ਦਾ ਨਿਸ਼ਚਿਤ ਸਮੇਂ ਵਿੱਚ ਸਹੀ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਹੋਰ ਖੋਜ ਕਾਰਜ ਕਰਨ ਵਿੱਚ ਸਹਾਈ ਹੁੰਦਾ ਹੈ। ਵਿੱਦਿਅਕ ਦੌਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਨੀਤਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰਿਆਂ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਆਧੁਨਿਕ ਮਸ਼ੀਨਾਂ ਦੀ ਪ੍ਰੈਕਟੀਕਲ ਜਾਣਕਾਰੀ ਮਿਲਦੀ ਹੈ, ਜੋ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਨਵੀਆਂ ਕਾਢਾਂ ਲਈ ਪ੍ਰੇਰਨਾਦਾਈ ਹੋਵੇਗਾ। ਇਸ ਦੌਰੇ ਨੂੰ ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ਦੱਸਿਆ।

1
728 views