ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਗੁੱਡ ਮੌਰਨਿੰਗ ਕਲੱਬ ਦੇ ਵਫਦ ਦੀ ਈ.ਓ. ਨਾਲ ਮੁਲਾਕਾਤ
ਕਾਰਜ ਸਾਧਕ ਅਫਸਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ : ਢਿੱਲੋਂ
ਸ਼ਹਿਰ ਦੇ ਗਲੀ-ਮੁਹੱਲਿਆਂ ਵਿੱਚ ਵਾਟਰ ਵਰਕਸ ਵਲੋਂ ਸਪਲਾਈ ਕੀਤੇ ਜਾ ਰਹੇ ਮੁਸ਼ਕ ਮਾਰਦੇ ਗੰਦੇ ਪਾਣੀ, ਸਫਾਈ ਪ੍ਰਬੰਧਾਂ, ਮਿਉਸਪਲ ਪਾਰਕ ਦੀ ਸਾਂਭ ਸੰਭਾਲ ਲਈ ਸਫਾਈ ਸੇਵਕ, ਮਾਲੀ ਅਤੇ ਚੌਂਕੀਦਾਰ ਦੀ ਨਿਯੁਕਤੀ ਸਮੇਤ ਪਾਰਕ ਵਿੱਚ ਸਿਉਂਕ ਕਾਰਨ ਸੁੱਕ ਚੁੱਕੇ ਦਰੱਖਤਾਂ ਦੀ ਕਟਾਈ ਆਦਿ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਦੀ ਅਗਵਾਈ ਹੇਠ ਇਕ ਵਫਦ ਨੇ ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌੌਂਸਲ ਕੋਟਕਪੂਰਾ ਨਾਲ ਮੁਲਾਕਾਤ ਕੀਤੀ ਅਤੇ ਉਕਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਮੁਤਾਬਿਕ ਜਨਰਲ ਸਕੱਤਰ ਪ੍ਰੋ. ਐਚ.ਐਸ. ਪਦਮ ਅਤੇ ਸਕੱਤਰ ਲੈਕ. ਮੁਖਤਿਆਰ ਸਿੰਘ ਮੱਤਾ ਨੇ ਦੱਸਿਆ ਕਿ ਸ਼ਹਿਰ ਦੀ ਅੱਧੀ ਤੋਂ ਜਿਆਦਾ ਆਬਾਦੀ ਨੂੰ ਵਾਟਰ ਵਰਕਸ ਵਲੋਂ ਸੀਵਰੇਜ ਰਲਿਆ ਮੁਸ਼ਕ ਮਾਰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਵਾਟਰ ਵਰਕਸ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਅਤੇ ਜੁਬਾਨੀ ਤੌਰ ’ਤੇ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਪ ਚੇਅਰਮੈਨ ਸੁਨੀਲ ਕੁਮਾਰ ਗਰੋਵਰ (ਬਿੱਟਾ ਠੇਕੇਦਾਰ), ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ, ਮੀਤ ਪ੍ਰਧਾਨ ਡਾ. ਰਵਿੰਦਰਪਾਲ ਕੋਛੜ, ਖਜਾਨਚੀ ਜਸਕਰਨ ਸਿੰਘ ਭੱਟੀ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪਾਰਕ ਵਿੱਚ ਬਹੁਤ ਸਾਰੇ ਦਰੱਖਤ ਸੁੱਕ ਚੁੱਕੇ ਹਨ ਤੇ ਉਹਨਾ ਦੇ ਅਚਾਨਕ ਡਿੱਗਣ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਹੈ। ਕਿਉਂਕਿ ਪਿਛਲੇ ਦਿਨੀਂ ਬਾਰਿਸ਼ ਅਤੇ ਹਨੇਰੀ ਮੌਕੇ ਇਕ ਸੁੱਕਾ ਦਰੱਖਤ ਡਿੱਗਣ ਨਾਲ ਉੱਥੇ ਕਿਸੇ ਦੀ ਮੌਜੂਦਗੀ ਨਾ ਹੋਣ ਕਰਕੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜੰਗਲਾਤ ਵਿਭਾਗ ਨੂੰ ਇਕ ਤੋਂ ਵੱਧ ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਜੰਗਲਾਤ ਵਿਭਾਗ ਮੁਤਾਬਿਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਲੋਂ ਇਸ ਬਾਰੇ ਲਿਖਤੀ ਤੌਰ ’ਤੇ ਪੱਤਰ ਜਾਰੀ ਕਰਨਾ ਜਰੂਰੀ ਹੁੰਦਾ ਹੈ। ਉਹਨਾਂ ਪਾਰਕ ਵਿੱਚ ਸਫਾਈ ਸੇਵਕ, ਮਾਲੀ ਅਤੇ ਚੌਂਕੀਦਾਰ ਦੀ ਪੱਕੀ ਨਿਯੁਕਤੀ ਦੀ ਮੰਗ ਕਰਦਿਆਂ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਪਿਛਲੇ ਦੋ ਸਾਲਾਂ ਤੋਂ ਸਫਾਈ ਸੇਵਕ ਅਤੇ ਮਾਲੀ ਨੂੰ ਪੱਲਿਉਂ ਤਨਖਾਹ ਦਿੱਤੀ ਜਾ ਰਹੀ ਹੈ। ਪਾਰਕ ਵਿੱਚੋਂ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਚੌਂਕੀਦਾਰ ਦੀ ਜਰੂਰਤ ਹੈ, ਜਦਕਿ ਬੂਟਿਆਂ ਦੀ ਸਾਂਭ ਸੰਭਾਲ ਲਈ ਮਾਲੀ ਅਤੇ ਪਾਰਕ ਦੀ ਸਫਾਈ ਵਾਸਤੇ ਸਫਾਈ ਸੇਵਕਾਂ ਦੀ ਸਖਤ ਜਰੂਰਤ ਹੈ। ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ ਨੇ ਵਫਦ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦੇ ਤੁਰਤ ਹੱਲ ਦਾ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਗੰਦੇ ਪਾਣੀ ਦੀ ਸਪਲਾਈ ਵਾਲਾ ਨੁਕਸ ਲੱਭ ਲਿਆ ਗਿਆ ਹੈ ਤੇ ਕੱਲ ਤੋਂ ਸਾਰੇ ਸ਼ਹਿਰ ਅੰਦਰ ਸਾਫ ਸੁਥਰਾ ਪਾਣੀ ਸਪਲਾਈ ਹੋਵੇਗਾ। ਉਹਨਾਂ ਪਾਰਕ ਵਿੱਚ ਸਫਾਈ ਸੇਵਕਾਂ, ਮਾਲੀ ਅਤੇ ਚੌਂਕੀਦਾਰ ਦੀ ਜਲਦ ਨਿਯੁਕਤੀ ਦਾ ਵੀ ਭਰੋਸਾ ਦਿੱਤਾ।