ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਸੰਗਰੂਰ,ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਲਾਇਬ੍ਰੇਰੀਅਨਾਂ ਨੇ ਭਾਗ ਲਿਆ
27 ਅਕਤੂਬਰ (ਗਗਨਦੀਪ ਸਿੰਘ) ਮਾਲਵਾ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ, ਪੰਜਾਬ ਵਿਖੇ ਆਯੋਜਿਤ ਕੀਤੀ ਤਿੰਨ ਰੋਜ਼ਾ (23-10-24 ਤੋਂ 25-10-24)ਟ੍ਰੇਨਿੰਗ, ਜਿਸਦਾ ਪ੍ਰਬੰਧ ਡਿਪਾਰਟਮੈਂਟ ਆਫ਼ ਪਰਸਨਲ ਐਂਡ ਟ੍ਰੇਨਿੰਗ, ਗਵਰਨਮੈਂਟ ਆਫ਼ ਇੰਡੀਆ ਦੁਆਰਾ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸੰਗਰੂਰ,ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਲਾਇਬ੍ਰੇਰੀਅਨਾਂ ਨੇ ਭਾਗ ਲਿਆ। ਇਸ ਟ੍ਰੇਨਿੰਗ ਵਿੱਚ ਵੱਖ- ਵੱਖ ਵਿਸ਼ਾ ਮਾਹਿਰਾਂ ਨੇ ਲਾਇਬ੍ਰੇਰੀ ਦੇ ਬਦਲਦੇ ਸਰੂਪ, ਤਰੱਕੀ ਅਤੇ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।
ਟ੍ਰੇਨਿੰਗ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ਼੍ਰੀਮਤੀ ਇੰਦਰਵੀਰ ਕੌਰ ਮਾਨ, ਡਾਇਰੈਕਟਰ MGSIPA ਰੀਜਨਲ ਸੈਂਟਰ, ਪਟਿਆਲਾ ਵੱਲੋਂ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਪਹਿਲੇ ਸੈਸ਼ਨ ਦੀ ਸ਼ੁਰੂਆਤ ਡਾ. ਪੂਜਾ ਭੰਡਾਰੀ, ਚੀਫ ਲਾਇਬ੍ਰੇਰੀਅਨ, ਸੈਂਟਰਲ ਸਟੇਟ ਲਾਇਬ੍ਰੇਰੀ , ਪਟਿਆਲਾ ਵੱਲੋਂ ਕੀਤੀ ਗਈ। ਡਾ. ਪੂਜਾ ਭੰਡਾਰੀ ਜੀ ਨੇ ਪੁਰਾਣੇ ਅਤੇ ਨਵੇਂ ਦੌਰ ਦੀਆਂ ਲਾਇਬ੍ਰੇਰੀਆਂ ਬਾਰੇ ਨਿੱਠ ਕੇ ਚਰਚਾ ਕੀਤੀ। ਇਸੇ ਲੜੀ ਨੂੰ ਅੱਗੇ ਤੋਰਦਿਆਂ ਦੂਸਰੇ ਸੈਸ਼ਨ ਵਿੱਚ ਡਾ. ਐਚ.ਪੀ. ਐੱਸ. ਕਾਲੜਾ , ਪ੍ਰੋ. ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਵੈਬਸਾਈਟਾਂ ਬਾਰੇ ਜਾਣਕਾਰੀ ਦਿੱਤੀ ਗਈ। ਦੂਸਰੇ ਦਿਨ ਪਹਿਲੇ ਅਤੇ ਦੂਸਰੇ ਸੈਸ਼ਨ ਨੂੰ ਡਾ.ਪੀ. ਵੀ. ਰਾਓ, ਡਾਇਰੈਕਟਰ MGSIPA, ਚੰਡੀਗੜ੍ਹ ਦੁਆਰਾ ਜਾਰੀ ਰੱਖਿਆ ਗਿਆ। ਡਾ. ਰਾਓ ਨੇ ਲਾਇਬ੍ਰੇਰੀ, ਲਾਇਬ੍ਰੇਰੀ ਸੰਗ੍ਰਹਿ,ਲਾਇਬ੍ਰੇਰੀ ਪ੍ਰਬੰਧਨ ਅਤੇ ਆਉਣ ਵਾਲੇ ਸਮੇਂ ਵਿੱਚ ਲਾਇਬ੍ਰੇਰੀ ਦੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਉਨਾਂ ਨੇ ਲਾਇਬ੍ਰੇਰੀ ਨੂੰ ਡਿਜੀਟਲ ਲਾਇਬ੍ਰੇਰੀ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੇ ਸਾਫਟਵੇਅਰਾਂ ਬਾਰੇ ਜਾਣਕਾਰੀ ਦਿੱਤੀ। ਤੀਸਰੇ ਦਿਨ ਪਹਿਲੇ ਸੈਸ਼ਨ ਵਿੱਚ ਸ਼੍ਰੀਮਤੀ ਮੀਨਾਕਸ਼ੀ ਗੋਸਵਾਮੀ(ਲਾਇਬ੍ਰੇਰੀਅਨ) ਐਮ.ਐਮ. ਸਮਾਰਟ ਸਕੂਲ, ਮੋਹਾਲੀ , ਨੇ ਸਾਫਟ ਸਕਿਲਜ਼ ਬਾਰੇ ਦੱਸਿਆ ਜਿਸ ਵਿੱਚ ਵਿਅਕਤੀ ਦਾ ਵਿਵਹਾਰ, ਦੂਜਿਆਂ ਪ੍ਰਤੀ ਸਹਿਯੋਗ ਦੀ ਭਾਵਨਾ ਅਤੇ ਉਸ ਦੇ ਗੱਲਬਾਤ ਦਾ ਲਹਿਜ਼ਾ ਆਦਿ ਸ਼ਾਮਿਲ ਹੁੰਦਾ ਹੈ। ਅਖੀਰ ਵਿੱਚ ਡਾ. ਰਾਓ ਜੀ ਵੱਲੋਂ ਸਾਰੇ ਹੀ ਲਾਇਬ੍ਰੇਰੀਅਨ ਸਾਥੀਆਂ ਨੂੰ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਬਾਰੇ ਆਪਣੇ ਆਪਣੇ ਸੁਝਾਅ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ ਗਈ। ਸਾਰੇ ਹੀ ਲਾਇਬ੍ਰੇਰੀਅਨ ਸਾਥੀਆਂ ਵੱਲੋਂ ਸਕੂਲ ਦੀ ਲਾਇਬ੍ਰੇਰੀ ਵਿੱਚ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ ਤੇ ਆਪਣੇ ਕਿੱਤੇ ਦੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ। ਟ੍ਰੇਨਿੰਗ ਦਾ ਮੁੱਖ ਵਿਸ਼ਾ ਲਾਇਬ੍ਰੇਰੀ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਉੱਪਰ ਸੀ। ਸਾਰੇ ਹੀ ਲਾਇਬ੍ਰੇਰੀਅਨ ਸਾਥੀਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਟਾਈਮ ਟੇਬਲ ਵਿੱਚ ਹੋਰਨਾਂ ਵਿਸ਼ਿਆਂ ਦੀ ਤਰ੍ਹਾਂ ਇੱਕ ਪੀਰੀਅਡ ਲਾਇਬ੍ਰੇਰੀ ਲਈ ਵੀ ਹੋਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਬੱਚੇ ਲਾਇਬ੍ਰੇਰੀ ਆ ਸਕਣ ਅਤੇ ਉਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਵਿਕਸਿਤ ਕੀਤਾ ਜਾ ਸਕੇ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਿੱਖੇ ਨੁਕਤਿਆਂ ਨਾਲ ਅਸੀਂ ਆਪਣੀਆਂ ਲਾਇਬ੍ਰੇਰੀ ਸੇਵਾਵਾਂ ਨੂੰ ਹੋਰ ਵਧੀਆ ਬਣਾ ਸਕਦੇ ਹਾਂ।
ਇਸ ਸਮੁੱਚੇ ਟ੍ਰੇਨਿੰਗ ਪ੍ਰੋਗਰਾਮ ਦਾ ਸੰਚਾਲਨ ਸ. ਅਮਰਜੀਤ ਸਿੰਘ ਸੋਢੀ ਜੀ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਟ੍ਰੇਨਿੰਗ ਦੌਰਾਨ ਸਵਾਦਿਸ਼ਟ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਸਲਾਹੁਣਯੋਗ ਸੀ। MGSIPA , ਪਟਿਆਲਾ ਦੀ ਪੂਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ, ਜਿੰਨ੍ਹਾਂ ਨੇ ਇਹ ਸ਼ਲਾਘਾਯੋਗ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ।ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲਾਇਬ੍ਰੇਰੀ ਟ੍ਰੇਨਿੰਗ ਪ੍ਰੋਗਰਾਮ ਹੋਣੇ ਚਾਹੀਦੇ ਹਨ, ਇਹੋ ਜਿਹੇ ਉਪਰਾਲੇ ਨਵੇਂ ਭਰਤੀ ਹੋਏ ਲਾਇਬ੍ਰੇਰੀਅਨਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਣਗੇ।
ਸੰਦੀਪ ਰਾਣੀ, ਲਾਇਬ੍ਰੇਰੀਅਨ
ਸਕੂਲ ਆਫ਼ ਐਮੀਨੈਂਸ, ਘਨੌਰੀ ਕਲਾਂ (ਸੰਗਰੂਰ)