32ਵੀਂ ਰਾਮ ਸਰੂਪ ਅਣਖੀ ਕਹਾਣੀ ਸੰਮੇਲਨ ਵਿੱਚ ‘ਅਲਫ਼ਾਜ਼’ ਕਰੇਗਾ ਪੰਜਾਬੀ ਕਹਾਣੀ ਦੀ ਪ੍ਰਤੀਨਿਧਤਾ
-ਵੱਖ ਵੱਖ ਰਾਜਾਂ ਦੇ ਮਸ਼ਹੂਰ ਕਹਾਣੀਕਾਰ ਕਰ ਰਹੇ ਨੇ ਸ਼ਮੂਲੀਅਤ
ਫ਼ਿਰੋਜ਼ਪੁਰ 24 ਅਕਤੂਬਰ ( ਜੀਵੇ ਪੰਜਾਬ ) - ਪੰਜਾਬੀ ਕਹਾਣੀ ਦਾ ਨਵਾਂ ਹਸਤਾਖਰ ਨੌਜਵਾਨ ਕਹਾਣੀਕਾਰ ‘ਅਲਫ਼ਾਜ਼’ ਜੋ ਆਪਣੇ ਕਹਾਣੀ ਸੰਗ੍ਰਹਿ ‘ਛਲਾਵਿਆ ਦੀ ਰੁੱਤ’ ਨਾਲ ਲਗਾਤਾਰ ਚਰਚਾ ਵਿੱਚ ਹੈ , ਦੀ ਚੋਣ ਡਲਹੌਜ਼ੀ ਵਿੱਚ ਕਰਵਾਏ ਜਾ ਰਹੇ ਰਾਸ਼ਟਰੀ ਪੱਧਰੀ 32ਵੀਂ ‘ਰਾਮ ਸਰੂਪ ਅਣਖੀ ਕਹਾਣੀ ਸੰਮੇਲਨ ‘ ਲਈ ਕੀਤੀ ਗਈ ਹੈ । ਅਲੀਗੜ ਮੁਸਲਿਮ ਵਿਸ਼ਵਵਿਦਿਆਲਯ ਦੇ ਭਾਰਤੀ ਭਾਸ਼ਾਵਾਂ ਦੇ ਵਿਭਾਗ ਮੁਖੀ ਤੇ ‘ਕਹਾਣੀ ਪੰਜਾਬ’ ਦੇ ਸੰਪਾਦਕ ਤੇ ਪ੍ਰੋਗਰਾਮ ਦੇ ਪ੍ਰਬੰਧਕ ਕਰਾਂਤੀਪਾਲ ਦੀ ਅਗਵਾਈ ਵਿੱਚ ਯੂਥ ਹੋਸਟਲ ਵਿੱਚ ਕਰਵਾਏ ਜਾਣ ਵਾਲੇ ਸੰਮੇਲਨ ਵਿੱਚ ਅੱਠ ਭਾਸ਼ਾਵਾਂ ਦੀਆਂ ਪੰਦਰਾਂ ਕਹਾਣੀਆਂ ਤੇ ਤਿੰਨ ਦਿਨ ਮਿਤੀ 26 ਅਕਤੂਬਰ ਤੋਂ 28 ਅਕਤੂਬਰ ਤੱਕ ਚਰਚਾ ਤੇ ਉਸਾਰੂ ਬਹਿਸ ਕੀਤੀ ਜਾਵੇਗੀ ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮੇਲਨ ਦੇ ਸਹਿ-ਸੰਪਾਦਕ ਪ੍ਰਸਿੱਧ ਪੰਜਾਬੀ ਕਹਾਣੀਕਾਰ ‘ਕੇਸਰਾ ਰਾਮ ‘ ਨੇ ਦੱਸਿਆ ਕਿ ਅਲਫ਼ਾਜ਼ ਤੋਂ ਬਿਨਾਂ ਡਾ.ਹਰੀਸ਼ ਬਰਨਾਲਾ ,ਰਾਜਸਥਾਨ ਤੋਂ ਡਾ.ਭਰਤ ਔਲਾ ਤੇ ਕ੍ਰਿਸ਼ਣ ਕੁਮਾਰ ਆਸ਼ੂ , ਹਿੰਦੀ ਦੇ ਅਰੁਣ ਕੁਮਾਰ ‘ਅਸਫਲ’ ,ਨਿਲਾਭ , ਕਮਲ ਤੇ ਡੋਗਰੀ ਭਾਸ਼ਾ ਦੇ ਰਾਜੇਸ਼ਵਰ ਰਾਜੂ , ਜਗਦੀਪ ਦੂਬੇ ਤੇ ਕਸ਼ਮੀਰੀ ਭਾਸ਼ਾ ਦੇ ਰਿੰਕੂ ਕੌਲ, ਮੈਥਿਲ਼ੀ ਦੇ ਸ੍ਰੀਧਰਮ ,ਗੁਜਰਾਤੀ ਦੇ ਰਾਮ ਮੌਰੀ ,ਉਰਦੂ ਦੇ ਤੌਸੀਫ ਬਰੇਲਵੀ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ । ਇਸ ਤੋਂ ਇਲਾਵਾ ਪ੍ਰਸਿੱਧ ਕਥਾਕਾਰ ਤੇ ਆਲੋਚਕ ਪ੍ਰੋ. ਡਾ.ਅਬਦੁੱਲਾ ਬਿਸਮਿੱਲਾ,ਡਾ. ਮੁਕੇਸ਼ ਮਿਰੋਠਾ,ਡਾ. ਭੁਪਿੰਦਰ ਸਿੰਘ ਬੇਦੀ , ਡਾ.ਸੂਰਜ ਬੜਤਿਆ ,ਡਾ. ਕਮਲਾਨੰਦ ਝਾ ਕਹਾਣੀਆਂ ਤੇ ਸਾਰਥਿਕ ਆਲੋਚਨਾ ਕਰਨਗੇ ।ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬੀ ਫ਼ਿਲਮੀ ਕਲਾਕਾਰ ਤੇ ਰੰਗਕਰਮੀ ਭਾਰਤੀ ਦੱਤ ਤੇ ਪੰਜਾਬੀ ਸੋਧਕਰਤਾ ਦਯਾ ਸਿੰਘ ਪੰਜਾਬੀ ਦੇ ਨਾਲ ਨਾਲ ਡਲਹੌਜ਼ੀ ਦੇ ਕਹਾਣੀ ਕਾਰ ਮੌਜੂਦ ਰਹਿਣਗੇ । ਇਸ ਮੌਕੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਹੁਣ ਮੈਗਜ਼ੀਨ ਦੇ ਸੰਪਾਦਕ ਤੇ ਸਭਾ ਦੇ ਜਰਨਲ ਸਕੱਤਰ ਸ਼ੁਸ਼ੀਲ ਦੁਸਾਂਝ , ਪ੍ਰਤੀਮਾਨ ਦੇ ਸੰਪਾਦਕ ਤੇ ਉੱਘੇ ਕਵੀ ‘ਅਮਰਜੀਤ ਕੌਂਕੇ’ , ਕਹਾਣੀਕਾਰ ਪਰਮਜੀਤ , ਪ੍ਰਕਾਸ਼ਕ ਰਜਿੰਦਰ ਬਿਮਲ ਤੇ ਹੋਰ ਸਾਹਿਤਕਾਰਾਂ ਨੇ ਅਲਫ਼ਾਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਜਿੱਥੇ ਅਲਫ਼ਾਜ਼ ਲਈ ਮਾਣਮੱਤੀ ਪ੍ਰਾਪਤੀ ਹੈ ਉੱਥੇ ਉਸਨੂੰ ਹੋਰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਤੇ ਉਨ੍ਹਾਂ ਉਮੀਦ ਕੀਤੀ ਕਿ ਉਹ ਮਾਂ ਬੋਲੀ ਦਾ ਬੀਬਾ ਪੁੱਤ ਬਣ ਕੇ ਸੇਵਾ ਕਰਦਾ ਰਹੇਗਾ ।