logo

ਦਾਣਾ ਮੰਡੀ ਅਲਾਵਲਪੁਰ ਵਿਖੇ ਝੋਨੇ ਦੀ ਆਮਦ ਸ਼ੁਰੂ , ਸਰਕਾਰੀ ਪ੍ਰਬੰਧ ਰੱਬ ਆਸਰੇ !



*** ਸਰਕਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਜਲਦ ਸ਼ੁਰੂ ਕਰੇ ਜਥੇ: ਹਰਨਾਮ ਸਿੰਘ ਅਲਾਵਲਪੁਰ

ਜਲੰਧਰ/ਅਲਾਵਲਪੁਰ,- ਮਾਰਕੀਟ ਕਮੇਟੀ ਆਦਮਪੁਰ ਦੇ ਅਧੀਨ ਆਉਂਦੀ ਦਾਣਾ ਮੰਡੀ ਅਲਾਵਲਪੁਰ ਵਿਖੇ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਬਾਵਜੂਦ ਇਸ ਦੇ ਹਾਲੇ ਤੱਕ ਅਲਾਵਲਪੁਰ ਅਤੇ ਸਿਕੰਦਰਪੁਰ ਦਾਣਾ ਮੰਡੀਆਂ ਵਿੱਚ ਸਾਫ ਸਫਾਈ ਅਤੇ ਹੋਰ ਪ੍ਰਬੰਧ ਰੱਬ ਆਸਰੇ ਪਏ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਅਲਾਵਲਪੁਰ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਈ ਜਿੱਥੇ ਇੱਕ ਕਿਸਾਨ ਵੱਲੋਂ ਆਪਣੇ ਖੇਤ ਵਿੱਚੋਂ ਸੁੱਕੇ ਹੋਏ ਝੋਨੇ ਦੀਆਂ ਤਿੰਨ ਟਰਾਲੀਆਂ ਮੰਡੀ ਵਿੱਚ ਲਿਆਂਦੀਆਂ ਤੇ ਉਹਨਾਂ ਦੀ ਸਾਫ ਸਫਾਈ ਮਜ਼ਦੂਰਾਂ ਕੋਲੋਂ ਕਰਵਾਈ ਗਈ ਜਦਕਿ ਦਾਣਾ ਮੰਡੀ ਅਲਾਵਲਪੁਰ ਵਿੱਚ ਹਾਲੇ ਤੱਕ ਸਾਫ ਸਫਾਈ ਦਾ ਕੰਮ ਵੀ ਰੱਬ ਆਸਰੇ ਹੀ ਪਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਆੜਤੀ ਐਸੋਸੀਏਸ਼ਨ ਜ਼ਿਲਾ ਪ੍ਰਧਾਨ ਦੀ ਆੜਤ , ਦੀ ਦੁਆਬਾ ਟਰੇਡਿੰਗ ਦੇ ਫੜ ਉੱਪਰ ਵੀ ਲਗਭਗ 200 ਕੁਇੰਟਲ ਝੋਨੇ ਦੀ ਆਮਦ ਵੇਖੀ ਗਈ। ਇਸ ਮੌਕੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ । ਉਹਨਾਂ ਆਖਿਆ ਕਿ 25 ਸਤੰਬਰ ਤੱਕ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਪੂਰੇ ਕਰਕੇ ਝੋਨੇ ਦੀ ਖਰੀਦ ਜਲਦ ਤੋਂ ਜਲਦ ਕੀਤੀ ਜਾਵੇ। ਉਹਨਾਂ ਆਖਿਆ ਕਿ ਪੰਜਾਬ ਅਤੇ ਸੈਂਟਰ ਸਰਕਾਰ ਆੜਤੀਆਂ ਅਤੇ ਮਜ਼ਦੂਰਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਆੜਤੀਆਂ ਦੀ ਕਮਿਸ਼ਨ ਵਧਾਉਣ ਦੀ ਥਾਂ ਤੇ ਉਹਨਾਂ ਦੀ ਕਮਿਸ਼ਨ ਵਿੱਚ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਉੱਚ ਪੱਧਰ ਤੋਂ ਮੰਗ ਉਠਾ ਚੁੱਕੇ ਹਨ ਕਿ ਆੜਤੀਆਂ ਦੀ ਕਮਿਸ਼ਨ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਝੋਨੇ ਦੀ ਖਰੀਦ ਸ਼ੁਰੂ ਕਰੇ ਤਾਂ ਜੋ ਕਿਸਾਨਾਂ ਵੱਲੋਂ ਸਮੇਂ ਸਿਰ ਝੋਨੇ ਦੀ ਫਸਲ ਨੂੰ ਮੰਡੀਆਂ ਤੱਕ ਪੁੱਜਦਾ ਕੀਤਾ ਜਾ ਸਕੇ।


9
6748 views