ਐਮਐਲਏ ਬਟਾਲਾ ਸ਼ੈਰੀ ਕਲਸੀ ਨੇ ਵਿਆਹ ਪੁਰਬ ਸਮਾਗਮ ਨੂੰ ਸਹੀਢੰਗ ਨਾਲ ਚਲਾਉਂਣ ਲਈ ਵੱਖ ਵੱਖ ਅਧਿਕਾਰੀ ਨਾਲ ਕੀਤੀ ਮੀਟਿੰਗ
ਗੁਰਦਾਸਪੁਰ ( ਐਸ ਕੇ ਮਹਾਜਨ ) ਬਟਾਲਾ : -
10 ਸਤੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਊਮਾ ਸ਼ੰਕਰ ਗੁਪਤਾ, ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ, ਡਾ. ਸ਼ਾਇਰੀ ਭੰਡਾਰੀ ਐੱਸਡੀਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਪੁਲਿਸ ਲਾਇਨ ਬਟਾਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਵੀ ਪਹੁੰਚੇ ਅਤੇ ਵਿਆਹ ਪੁਰਬ ਸਮਾਗਮ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਲਈ। ਮੀਟਿੰਗ ਵਿੱਚ ਬੋਲਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਵਿਆਹ ਪੁਰਬ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ’ਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤ ਢੰਗ ਨਾਲ ਸਜਾਵਟ ਕਰਨ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਦਿਨ-ਰਾਤ ਸਾਫ-ਸਫ਼ਾਈ ਤੇ ਕੂੜੇ ਦੇ ਢੇਰਾਂ ਨੂੰ ਨਾਲੋ-ਨਾਲ ਚੁੱਕਣ ਦੀ ਹਦਾਇਤ ਕੀਤੀ, ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੀਵਰੇਜ ਦੇ ਢੱਕਣ ਅਤੇ ਸੀਵਰੇਜ਼ ਦੀ ਬਲਾਕਜ਼ ਰੋਜ਼ਾਨਾ ਚੈੱਕ ਕਰਨ ਦੀ ਹਦਾਇਤ ਕੀਤੀ ਅਤੇ ਇਸੇ ਤਰਾਂ ਸਿਹਤ, ਪਾਵਰਕਾਮ ਪੀਡਬਲਿਊਡੀ, ਫਾਇਰ ਟੈਂਡਰ ਸਮੇਤ ਵੱਖ-ਵੱਖ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਬਾਹਰਵਾਰ ਲੱਗੇ ਨਾਕਿਆਂ ’ਤੇ ਜਿਥੋਂ ਸ਼ਹਿਰ ਵਿੱਚ ਐਂਟਰੀ ਹੁੰਦੀ ਹੈ, ਟਰੈਕਟਰ-ਟਰਾਲੀਆਂ ’ਤੇ ਉੱਚੀ ਆਵਾਜ਼ ਵਾਲੇ ਸਪੀਕਰ ਤੇ ਹਾਰਨ ਵਗੈਰਾ ਵਿਰੁੱਧ ਸਖ਼ਤ ਰੁਖ ਅਪਣਾਉਣ ਲਈ ਇਹ ਅਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵਿਆਹ ਪੁਰਬ ਸਮਾਗਮ ਮਨਾਉਣ ਲਈ ਪ੍ਰਸ਼ਾਸ਼ਨ ਨਾਲ ਪੂਰਨ ਸਹਿਯੋਗ ਕਰਨ। ਇਸ ਮੌਕੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੱਸਿਆ ਕਿ ਸ਼ਹਿਰ ਵਿੱਚ ਖਾਸ ਕਰਕੇ ਨਗਰ ਕੀਰਤਨ ਰੂਟ ’ਤੇ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਵਿੱਚ ਜਸਵੰਤ ਕੌਰ ਐਸਪੀ (ਐੱਚ) ਬਟਾਲਾ, ਜਗਤਾਰ ਸਿੰਘ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਤੇ ਮਨਜੋਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।