logo

ਮਨਰੇਗਾ ਦੀ ਅਦਾਇਗੀ ਨਾ ਹੋਣ ’ਤੇ ਪੁਲੀਸ ਨੇ ਮਹਿਲਾ ਸਰਪੰਚ ਦੇ ਪਤੀ ਨੂੰ ਥਾਣੇ ਡੱਕਿਆ, ਪੰਚਾਇਤ ਯੂਨੀਅਨ ਦੇ ਦਖ਼ਲ ਮਗਰੋਂ ਛੱਡਿਆ


ਤਲਵਾਡ਼ਾ (ਪ੍ਰਵੀਨ ਕੁਮਾਰ)
ਤੁਸੀਂ ਮਨਰੇਗਾ ਦੀਆਂ ਅਦਾਇਗੀਆਂ ਕਰਵਾਓ ਨਾ ਕਿ ਸਰਪੰਚਾਂ ਨੂੰ ਅੰਦਰ ਕਰਵਾਓ, ਇਹ ਮੰਗ ਪੰਚਾਇਤ ਯੂਨੀਅਨ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਪੰਜਾਬ ਸਰਕਾਰ ਅਤੇ ਪੰਚਾਇਤੀ ਵਿਭਾਗ ਤੋਂ ਕੀਤੀ ਹੈ। ਅੱਜ ਮਨਰੇਗਾ ਦੀਆਂ ਅਦਾਇਗੀਆਂ ‘ਚ ਦੇਰੀ ਹੋਣ ਕਾਰਨ ਗ੍ਰਾਮ ਪੰਚਾਇਤ ਬਰਿੰਗਲੀ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਉਦੋਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮਨਰੇਗਾ ‘ਚ ਕੀਤੇ ਕੰਮ ਦੇ ਪੈਸੇ ਨਾ ਮਿਲਣ ਤੋਂ ਖਫ਼ਾ ਟਰੈਕਟਰ ਚਾਲਕ ਨੇ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਤਲਵਾਡ਼ਾ ਵਿਖੇ ਕੀਤੀ।
ਤਲਵਾਡ਼ਾ ਪੁਲੀਸ ਨੇ ਪੰਚਾਇਤ ਦਾ ਪੱਖ ਜਾਣੇ ਵਗੈਰ ਪੰਚਾਇਤ ਦੀ ਮਹਿਲਾ ਦੇ ਪਤੀ ਨੂੰ ਕਰੀਬ ਚਾਰ ਘੰਟੇ ਥਾਣੇ ਅੰਦਰ ਬਿਠਾ ਰੱਖਿਆ
ਪੰਚਾਇਤ ਯੂਨੀਅਨ ਦੇ ਦਖ਼ਲ ਮਗਰੋਂ ਛੱਡਿਆ।
ਪੰਚਾਇਤ ਯੂਨੀਅਨ ਤਲਵਾਡ਼ਾ ਨੇ ਪੁਲੀਸ ਦੀ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਚਾਇਤਾਂ ਨੂੰ ਮਨਰੇਗਾ ਤਹਿਤ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ, ਦੂਜੇ ਪਾਸੇ ਮਨਰੇਗਾ ਅਧੀਨ ਕਰਵਾਏ ਲੱਖਾਂ ਰੁਪਏ ਦੇ ਕੰਮਾਂ ਦੀ ਅਦਾਇਗੀਆਂ ਪਿਛਲੇ ਕਰੀਬ ਤਿੰਨ ਸਾਲ ਤੋਂ ਵੀ ਵਧ ਸਮੇਂ ਤੋਂ ਰੁਕੀਆਂ ਹੋਣ ਕਾਰਨ ਪੰਚਾਇਤਾਂ ਖੁਆਰ ਹੋ ਰਹੀਆਂ ਹਨ, ਥਾਣਾ ਤਲਵਾਡ਼ਾ ਮੁਖੀ ਪ੍ਰਮੋਦ ਕੁਮਾਰ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।ਪੰਚਾਇਤਾਂ ਨੂੰ ਉਧਾਰ ਸਮਾਨ ਦੇਣ ਵਾਲੇ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਦਕਿ ਬੀਡੀਪੀਓ ਦਫ਼ਤਰ ਤੋਂ ਲੈ ਕੇ ਸਰਕਾਰ ਤੱਕ ਕਿਸੇ ਦੇ ਵੀ ਕੰਨਾਂ ’ਤੇ ਜੂੰ ਤੱਕ ਸਰਕ ਨਹੀਂ ਰਹੀ। ਬਰਿੰਗਲੀ ਪੰਚਾਇਤ ਦੀ ਮਹਿਲਾ ਸਰਪੰਚ ਕਿਰਨਾ ਦੇਵੀ ਦੇ ਪਤੀ ਕੇਵਲ ਕ੍ਰਿਸ਼ਨ ਨੇ ਦਸਿਆ ਕਿ ਪੰਚਾਇਤ ਨੇ ਮਨਰੇਗਾ ਯੋਜਨਾ ਤਹਿਤ ਕਰੀਬ ਸਾਢੇ ਸਤਾਰ੍ਹਾਂ ਲੱਖ ਰੁਪਏ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਸਨ, ਪਰ ਤਿੰਨ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਅਦਾਇਗੀ ਨਹੀਂ ਹੋਈ। ਪਿੰਡ ਦੇ ਹੀ ਇੱਕ ਟਰੈਕਟਰ ਚਾਲਕ ਨੇ ਸਰਪੰਚ ਖ਼ਿਲਾਫ਼ ਅਦਾਇਗੀ ਨਾ ਹੋਣ ’ਤੇ ਥਾਣੇ ਸ਼ਿਕਾਇਤ ਕੀਤੀ ਸੀ। ਸਥਾਨਕ ਪੁਲੀਸ ਨੇ ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਮਹਿਲਾ ਸਰਪੰਚ ਦੇ ਪਤੀ ਕੇਵਲ ਕ੍ਰਿਸ਼ਨ ਨੂੰ ਥਾਣੇ ਬੁਲਾ ਕੇ ਅੰਦਰ ਬਿਠਾ ਲਿਆ। ਪੰਚਾਇਤ ਯੂਨੀਅਨ ਦੇ ਦਖ਼ਲ ਮਗਰੋਂ ਭਾਵੇਂ ਪੁਲੀਸ ਨੇ ਸ਼ੁਰਕਵਾਰ ਨੂੰ ਸ਼ਾਮ ਚਾਰ ਵਜੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਉਣ ਦੀ ਸ਼ਰਤ ’ਤੇ ਕੇਵਲ ਕ੍ਰਿਸ਼ਨ ਨੂੰ ਛੱਡ ਦਿੱਤਾ ਹੈ। ਪਰ ਯੂਨੀਅਨ ਨੇ ਪੁਲੀਸ ਦੀ ਕਾਰਵਾਈ ’ਤੇ ਸਖ਼ਤ ਇਤਰਾਜ ਜਤਾਇਆ ਹੈ। ਪੰਚਾਇਤ ਯੂਨੀਅਨ ਤਲਵਾਡ਼ਾ ਨੇ ਇਸ ਮਾਮਲੇ ’ਚ ਭਲਕੇ ਸ਼ੁਕਰਵਾਰ ਨੂੰ ਬੀਡੀਪੀਓ ਤਲਵਾਡ਼ਾ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ, ਪ੍ਰਧਾਨ ਮਹਿਤਾ ਨੇ ਦਸਿਆ ਕਿ ਆਪਣੇ ਮਾਨ ਸਨਮਾਨ ਦੀ ਬਹਾਲੀ ਅਤੇ ਮਨਰੇਗਾ ਦੀਆਂ ਅਦਾਇਗੀਆਂ ਲਈ ਜੇਕਰ ਸੰਘਰਸ਼ ਵੀ ਕਰਨਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅਸ਼ਵਨੀ ਸ਼ਰਮਾ ਰਾਮਗਡ਼੍ਹ ਸੀਕਰੀ, ਸਰਪੰਚ ਰਮਨ ਕੌਲ਼, ਸਰਪੰਚ ਕਰਨੈਲ ਸਿੰਘ ਭੰਬੋਤ ਪੱਤੀ ਆਦਿ ਹਾਜ਼ਰ ਸਨ।ਥਾਣਾ ਤਲਵਾਡ਼ਾ ਮੁਖੀ ਪ੍ਰਮੋਦ ਕੁਮਾਰ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।

9
9228 views