logo

ਸਰਕਾਰ-ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਦੀਨਾਨਗਰ ਪੰਜਾਬ ਦੀ ਵਿਰਾਸਤ, ਸ਼ਾਹੀ ਬਾਰਾਂਦਰੀ ਦੀਨਾਨਗਰ ਦਾ ਇਤਿਹਾਸ





ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹਿਰ ਦੀਨਾਨਗਰ ਤਵਾਰੀਖ ਵਿੱਚ ਆਪਣਾ ਅਹਿਮ ਸਥਾਨ ਰੱਖਦਾ ਹੈ। ਦੀਨਾਨਗਰ ਸ਼ਹਿਰ ਨੂੰ ਸਰਕਾਰ-ਏ-ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਹੋਣ ਦਾ ਮਾਣ ਵੀ ਹਾਸਲ ਰਿਹਾ ਹੈ। ਕਰੀਬ ਤਿੰਨ ਸਦੀਆਂ ਨੂੰ ਢੁੱਕੇ ਇਸ ਸ਼ਹਿਰ ਨੇ ਆਪਣੀ ਬੁਨਿਆਦ ਤੋਂ ਹੁਣ ਤੱਕ ਕਈ ਉਤਰਾਅ-ਚੜ੍ਹਾਅ ਦੇਖੇ ਹਨ ਅਤੇ ਇਹ ਸ਼ਹਿਰ ਕਈ ਅਹਿਮ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ।

ਸੰਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕਰੀਬ ਇੱਕ ਦਹਾਕੇ ਤੱਕ ਸਿੱਖ ਆਪਣੀ ਸ਼ਕਤੀ ਨੂੰ ਇਕੱਠਾ ਕਰਨ ਵਿੱਚ ਲੱਗੇ ਰਹੇ। ਇਸ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਸ਼ੇਖ਼ੂਪੁਰਾ ਜ਼ਿਲ੍ਹੇ ਦੇ ਪਿੰਡ ਸ਼ਾਰਕਪੁਰ ਦਾ ਇੱਕ ਅਰਾਈਂ ਮੁਸਲਮਾਨ ਅਦੀਨਾ ਬੇਗ ਪੰਜਾਬ ਦੀ ਰਾਜਨੀਤੀ ਵਿੱਚ ਉੱਭਰ ਕੇ ਸਾਹਮਣੇ ਆਇਆ। ਅਦੀਨਾ ਬੇਗ ਪਹਿਲਾਂ ਜਲੰਧਰ ਦੁਆਬ ਦਾ ਸੂਬੇਦਾਰ ਬਣਿਆ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਸੰਨ 1758 ਵਿੱਚ ਉਹ ਸਿੱਖਾਂ ਤੇ ਮਰਾਠਿਆਂ ਦੀ ਮਦਦ ਨਾਲ ਲਾਹੌਰ ਦੇ ਸੂਬੇਦਾਰ ਦੇ ਅਹੁਦੇ ਤੱਕ ਵੀ ਪਹੁੰਚਿਆ।

ਅਦੀਨਾ ਬੇਗ ਵੱਲੋਂ ਸੰਨ 1730 ਵਿੱਚ ਬਾਰੀ ਦੁਆਬ (ਮਾਝਾ) ਵਿੱਚ ਸ਼ਾਹ ਨਹਿਰ (ਹੰਸਲੀ) ਦੇ ਕੰਢੇ ਇੱਕ ਨਗਰ ਦੀ ਨੀਂਹ ਰੱਖੀ ਗਈ ਅਤੇ ਉਸ ਨਗਰ ਦਾ ਨਾਮ ਉਸਨੇ ਆਪਣੇ ਨਾਮ ’ਤੇ ਅਦੀਨਾ ਨਗਰ ਰੱਖਿਆ। ਅਦੀਨਾ ਬੇਗ ਨੇ ਇਸ ਸ਼ਹਿਰ ਵਿੱਚ ਇੱਕ ਵੱਡੀ ਫ਼ੌਜੀ ਛਾਉਣੀ ਬਣਾਈ ਅਤੇ ਕਿਉਂਕਿ ਇੱਥੋਂ ਉਹ ਬਿਸਤ ਦੁਆਬ (ਜਲੰਧਰ ਦੁਆਬਾ), ਬਾਰੀ ਦੁਆਬ (ਮਾਝਾ) ਅਤੇ ਪਹਾੜੀ ਇਲਾਕੇ ਉੱਪਰ ਅਸਾਨੀ ਨਾਲ ਆਪਣਾ ਕੰਟਰੋਲ ਰੱਖ ਸਕਦਾ ਸੀ।

ਅਦੀਨਾ ਬੇਗ ਨੇ ਜਦੋਂ ਅਦੀਨਾ ਨਗਰ ਸ਼ਹਿਰ ਦੀ ਸਥਾਪਨਾ ਕੀਤੀ ਤਾਂ ਇਸ ਸ਼ਹਿਰ ਨੂੰ ਕਿਲ੍ਹੇ ਬੰਦ ਕਰਕੇ ਇਸਦੇ ਦੁਆਲੇ ਮਜ਼ਬੂਤ ਦੀਵਾਰ (ਫ਼ਸੀਲ) ਬਣਾਈ। ਸ਼ਹਿਰ ਦੇ 6 ਦਰਵਾਜ਼ੇ ਬਣਾਏ ਗਏ ਜਿਨ੍ਹਾਂ ਦੇ ਨਾਮ ਮਗਰਾਲੀ ਦਰਵਾਜ਼ਾ, ਮੜ੍ਹੀਆਂ ਵਾਲਾ ਦਰਵਾਜ਼ਾ (ਹੁਣ ਗਾਂਧੀ ਗੇਟ), ਅਵਾਂਖੀ ਦਰਵਾਜ਼ਾ (ਹੁਣ ਸੁਭਾਸ਼ ਗੇਟ), ਤਾਰਾਗੜ੍ਹੀ ਦਰਵਾਜ਼ਾ, ਪਨਿਆੜੀ ਦਰਵਾਜ਼ਾ ਅਤੇ ਆਵਿਆਂ ਵਾਲਾ ਦਰਵਾਜ਼ਾ (ਜਵਾਹਰ ਗੇਟ) ਸਨ।

ਜਦੋਂ ਸੰਨ 1758 ਵਿੱਚ ਅਦੀਨਾ ਬੇਗ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਉਸਨੇ ਲਾਹੌਰ ਦੀ ਥਾਂ ਬਟਾਲਾ ਸ਼ਹਿਰ ਨੂੰ ਆਪਣਾ ਹੈੱਡਕੁਆਟਰ (ਸਦਰ-ਮੁਕਾਮ) ਬਣਾਇਆ ਅਤੇ ਅਦੀਨਾ ਨਗਰ ਦੀ ਫ਼ੌਜੀ ਛਾਉਣੀ ਨੂੰ ਹੋਰ ਮਜ਼ਬੂਤ ਕੀਤਾ। ਅਦੀਨਾ ਬੇਗ ਨੂੰ ਅਦੀਨਾ ਨਗਰ ਨਾਲ ਖ਼ਾਸ ਲਗਾਅ ਸੀ ਅਤੇ ਉਹ ਅਕਸਰ ਹੀ ਇਸ ਸ਼ਹਿਰ ਆਉਂਦਾ-ਜਾਂਦਾ ਰਹਿੰਦਾ ਸੀ।

ਜਦੋਂ ਸਿੱਖ ਮਿਸਲਾਂ ਦਾ ਦੌਰ ਆਇਆ ਤਾਂ ਅਦੀਨਾ ਨਗਰ ਸ਼ਹਿਰ ਕਨ੍ਹਈਆ ਮਿਸਲ ਦੇ ਅਧੀਨ ਆ ਗਿਆ। ਸੰਨ 1811 ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਦੇ ਇਲਾਕੇ ਅਦੀਨਾ ਨਗਰ ਸ਼ਹਿਰ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਸਰਕਾਰ-ਏ-ਖ਼ਾਲਸਾ ਦੇ ਰਾਜ ਦੌਰਾਨ ਅਦੀਨਾ ਨਗਰ ਦੀ ਸ਼ਾਨ ਵਿੱਚ ਬਹੁਤ ਵਾਧਾ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਅਦੀਨਾ ਨਗਰ ਸ਼ਹਿਰ ਅਤੇ ਏਥੋਂ ਦੇ ਬਾਗ ਅਤੇ ਵਾਤਾਵਰਨ ਏਨਾ ਖ਼ੂਬਸੂਰਤ ਲੱਗਾ ਕਿ ਉਨ੍ਹਾਂ ਨੇ ਇਸ ਸ਼ਹਿਰ ਨੂੰ ਸਰਕਾਰ-ਏ-ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਬਣਾ ਲਿਆ।

ਸ਼ੇਰ-ਏ-ਪੰਜਾਬ ਨੇ ਅਦੀਨਾ ਨਗਰ ਦੇ ਚੜ੍ਹਦੇ ਪਾਸੇ ਹੰਸਲੀ (ਸ਼ਾਹ ਨਹਿਰ) ਦੇ ਕੰਢੇ ਇੱਕ ਖ਼ੂਬਸੂਰਤ ਬਾਰਾਂਦਰੀ ਤਾਮੀਰ ਕਰਵਾਈ। ਬਾਰਾਂਦਰੀ ਦੇ ਨਾਲ ਹੀ ਰਾਣੀਆਂ ਦਾ ਹਮਾਮ ਅਤੇ ਹੋਰ ਇਮਾਰਤਾਂ ਦਾ ਨਿਰਮਾਣ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਨੇ ਅਦੀਨਾ ਨਗਰ ਵਿੱਚ ਆਪਣੀ ਫ਼ੌਜੀ ਛਾਉਣੀ ਬਣਾਈ ਅਤੇ ਸਰਕਾਰ-ਏ-ਖ਼ਾਲਸਾ ਦੀਆਂ 55 ਛਾਉਣੀਆਂ ਵਿੱਚ ਇਹ ਇੱਕ ਪ੍ਰਮੁੱਖ ਛਾਉਣੀ ਸੀ। ਅਦੀਨਾ ਨਗਰ ਛਾਉਣੀ ਵਿੱਚ ਸਰਕਾਰ ਖ਼ਾਲਸੇ ਦੇ ਤੋਪਖ਼ਾਨੇ ਦਾ ਵਿਸ਼ੇਸ਼ ਯੂਨਿਟ ਵੀ ਸੀ। ਸ਼ਹਿਰ ਦੀ ਦੱਖਣ-ਪੂਰਬੀ ਬਾਹੀ ਵੱਲ ਖ਼ਾਲਸਾ ਰਾਜ ਦੇ ਫਰਾਂਸੀਸੀ ਜਰਨੈਲ ਵੈਨਤੂਰਾ ਦੀ ਰਿਹਾਇਸ਼ ਬਣਾਈ ਗਈ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੁਸੋਬਿਤ ਹੈ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਗਰਮੀਆਂ ਦੇ ਮਈ ਤੇ ਜੂਨ ਮਹੀਨੇ ਅਦੀਨਾ ਨਗਰ ਵਿਖੇ ਗੁਜ਼ਾਰਦੇ ਸਨ। ਇਸ ਤੋਂ ਇਲਾਵਾ ਉਹ ਅੱਗੋਂ-ਪਿੱਛੋਂ ਵੀ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਸਨ। ਖ਼ਾਲਸਾ ਰਾਜ ਸਮੇਂ ਅਦੀਨਾ ਨਗਰ ਸ਼ਹਿਰ ਦੇ ਵਿਕਾਸ ਤੇ ਖ਼ੂਬਸੂਰਤੀ ਵਿੱਚ ਬਹੁਤ ਵਾਧਾ ਹੋਇਆ ਅਤੇ ਸ਼ਹਿਰ ਵਿੱਚ ਬਹੁਤ ਸਾਰੀਆਂ ਖ਼ੂਬਸੂਰਤ ਇਮਾਰਤਾਂ ਇਸ ਦੌਰ ਵਿੱਚ ਬਣੀਆ।

ਅਦੀਨਾ ਨਗਰ ਬਹੁਤ ਅਹਿਮ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਇੱਥੇ ਹੀ ਸੂਬਾ ਕਸ਼ਮੀਰ ’ਤੇ ਚੜ੍ਹਾਈ ਦੀ ਯੋਜਨਾਬੰਦੀ ਕੀਤੀ ਗਈ ਸੀ। ਸੰਨ 1837 ਈਸਵੀ ਵਿੱਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਵੀ ਅਦੀਨਾ ਨਗਰ ਵਿਖੇ ਕੀਤਾ ਗਿਆ ਸੀ। ਸੰਨ 1838 ਦੇ ਮਈ ਮਹੀਨੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੈਕਨਾਗਟੇਨ ਮਿਸ਼ਨ ਨਾਲ ਅਦੀਨਾ ਨਗਰ ਵਿਖੇ ਮੁਲਾਕਾਤ ਕੀਤੀ ਸੀ ਅਤੇ ਇਸ ਦੌਰਾਨ ਅਫ਼ਗ਼ਾਨਿਸਤਾਨ ਦੀ ਜਾਨਸ਼ੀਨੀ ਬਾਰੇ ਅਤਿ ਅਹਿਮ ਫ਼ੈਸਲਾ ਲਿਆ ਗਿਆ ਸੀ।

ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਦੀਨਾ ਨਗਰ ਦੀ ਕਿਸਮਤ ਵੀ ਬਦਲ ਗਈ। ਖ਼ਾਲਸਾ ਰਾਜ ਦੇ ਹੁਕਮਰਾਨਾਂ ਦਾ ਇੱਕ ਤੋਂ ਬਾਅਦ ਇੱਕ ਦਾ ਕਤਲ ਹੋਣ ਕਰਕੇ ਪੂਰੇ ਅਵਾਮ ਵਿੱਚ ਡਰ ਤੇ ਸਹਿਮ ਦਾ ਮਾਹੌਲ ਸੀ। ਅਖੀਰ 1849 ਵਿੱਚ ਅੰਗਰੇਜ਼ ਹਕੂਮਤ ਨੇ ਖ਼ਾਲਸਾ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਅੰਗਰੇਜ਼ਾਂ ਨੇ 1 ਅਪ੍ਰੈਲ 1849 ਨੂੰ ਅਦੀਨਾ ਨਗਰ ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਨੂੰ ਡਿਪਟੀ ਕਮਿਸ਼ਨਰ ਦਾ ਦਫ਼ਤਰ ਬਣਾ ਲਿਆ। ਅਦੀਨਾ ਨਗਰ ਸਿਰਫ਼ ਤਿੰਨ ਮਹੀਨੇ ਹੀ ਜ਼ਿਲ੍ਹਾ ਸਦਰ ਮੁਕਾਮ ਰਿਹਾ ਹੈ ਅਤੇ ਜੁਲਾਈ 1849 ਨੂੰ ਅਦੀਨਾ ਨਗਰ ਤੋਂ ਬਟਾਲਾ ਵਿਖੇ ਜ਼ਿਲ੍ਹਾ ਸਦਰ ਮੁਕਾਮ ਤਬਦੀਲ ਕਰ ਦਿੱਤਾ ਗਿਆ। ਅਖੀਰ ਅੰਗਰੇਜ਼ ਹਕੂਮਤ ਨੇ 1 ਮਈ 1852 ਨੂੰ ਗੁਰਦਾਸਪੁਰ ਨਾਮ ਦੇ ਪਿੰਡ ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਲਿਆ। ਅੰਗਰੇਜ਼ਾਂ ਨੇ ਅਦੀਨਾ ਨਗਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦਾ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਹੁਤ ਸਾਰਾ ਬੇਸ਼ਕੀਮਤੀ ਸਮਾਨ ਇੰਗਲੈਂਡ ਵਿਖੇ ਪਹੁੰਚਾ ਦਿੱਤਾ।

ਅਦੀਨਾ ਨਗਰ ਸ਼ਹਿਰ ਨੂੰ ਜਦੋਂ ਅਦੀਨਾ ਬੇਗ ਨੇ ਵਸਾਇਆ ਸੀ ਤਾਂ ਉਸ ਸਮੇਂ ਇਸ ਸ਼ਹਿਰ ਵਿੱਚ ਮੁਸਲਿਮ ਅਬਾਦੀ ਸਭ ਤੋਂ ਜ਼ਿਆਦਾ ਸੀ। ਸ਼ਹਿਰ ਦੇ ਮੁਹੱਲਿਆਂ ਵਿੱਚ ਮਸੀਤਾਂ ਅਤੇ ਖੂਹ ਬਣਾਏ ਗਏ ਸਨ ਅਤੇ ਬਹੁਤ ਸਾਰੇ ਮੁਹੱਲੇ ਮੁਸਲਿਮ ਬਹੁਲਤਾ ਦੇ ਸਨ। ਜਦੋਂ ਸੰਨ 1947 ਵਿੱਚ ਬਟਵਾਰਾ ਹੋਇਆ ਤਾਂ ਇੱਥੋਂ ਦੀ ਸਾਰੀ ਮੁਸਲਿਮ ਅਬਾਦੀ ਪਾਕਿਸਤਾਨ ਚਲੀ ਗਈ ਅਤੇ ਪਾਕਿਸਤਾਨ ਤੋਂ ਆਈ ਹਿੰਦੂ ਅਬਾਦੀ ਨੂੰ ਇਸ ਸ਼ਹਿਰ ਵਿੱਚ ਵਸਾਇਆ ਗਿਆ। ਸੰਨ 1947 ਤੋਂ ਬਾਅਦ ਅਦੀਨਾ ਨਗਰ ਹਿੰਦੂ ਬਹੁ-ਅਬਾਦੀ ਦਾ ਸ਼ਹਿਰ ਹੈ।

ਖ਼ੈਰ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਅਦੀਨਾ ਬੇਗ ਵੱਲੋਂ ਵਸਾਇਆ ਸ਼ਹਿਰ ਅਦੀਨਾ ਨਗਰ ਸਮਾਂ ਗੁਜ਼ਰਨ ਦੇ ਨਾਲ ਦੀਨਾਨਗਰ ਬਣ ਗਿਆ। ਅੰਗਰੇਜ਼ ਰਾਜ ਵੇਲੇ ਹੀ ਲੋਕਾਂ ਨੇ ਅਦੀਨਾ ਨਗਰ ਨੂੰ ਦੀਨਾ ਨਗਰ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਇਸ ਸ਼ਹਿਰ ਦਾ ਨਾਮ ਦੀਨਾਨਗਰ ਹੀ ਪੱਕ ਗਿਆ। ਹੁਣ ਤਾਂ ਸਰਕਾਰੀ ਰਿਕਾਰਡ ਵਿੱਚ ਵੀ ਇਸ ਸ਼ਹਿਰ ਦਾ ਨਾਮ ਦੀਨਾਨਗਰ ਹੈ।

ਕਰੀਬ 292 ਸਾਲ ਪੁਰਾਣਾ ਸ਼ਹਿਰ ਦੀਨਾਨਗਰ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਹੈ ਅਤੇ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਹੈ। ਦੀਨਾਨਗਰ ਸ਼ਹਿਰ ਦੀ ਦਿੱਖ ਹੁਣ ਬਦਲ ਚੁੱਕੀ ਹੈ ਅਤੇ ਸ਼ਹਿਰ ਦੀ ਫ਼ਸੀਲ ਤੋਂ ਬਾਹਰ ਸ਼ਹਿਰ ਦਾ ਘੇਰਾ ਦਿਨੋ-ਦਿਨ ਵੱਧ ਰਿਹਾ ਹੈ। ਆਧੁਨਿਕਤਾ ਦੇ ਇਸ ਦੌਰ ਵਿੱਚ ਦੀਨਾਨਗਰ ਦੀਆਂ ਤਵਾਰੀਖ਼ੀ ਇਮਾਰਤਾਂ ਨੂੰ ਬਿਲਕੁਲ ਵਿਸਾਰ ਦਿੱਤਾ ਗਿਆ ਹੈ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਅਤੇ ਰਾਣੀਆਂ ਦਾ ਹਮਾਮ ਖੰਡਰ ਬਣ ਗਏ ਹਨ। ਜਨਰਲ ਵੈਨਤੂਰਾ ਦੀ ਰਿਹਾਇਸ਼ ਜ਼ਰੂਰ ਸਾਂਭੀ ਗਈ ਹੈ ਜਿੱਥੇ ਗੁਰਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੁਸੋਬਿਤ ਹੈ। ਖ਼ਾਲਸਾ ਫ਼ੌਜ ਦੀ ਛਾਉਣੀ ਦਾ ਵੀ ਨਾਮੋ-ਨਿਸ਼ਾਨ ਨਹੀਂ ਰਿਹਾ।

ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਭਾਰਤ ਸਰਕਾਰ ਦੇ ‘ਸਵਦੇਸ਼ ਦਰਸ਼ਨ ਯੋਜਨਾ’ ਤਹਿਤ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਦੀਨਾਨਗਰ ਸ਼ਹਿਰ ਦੇ ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਕੀਤੀ ਗਈ ਹੈ। ਪੰਜਾਬ ਦੇ ਇਤਿਹਾਸ ਵਿੱਚ ਖ਼ਾਸ ਮੁਕਾਮ ਰੱਖਦੇ ਸ਼ਹਿਰ ਦੀਨਾਨਗਰ ਵਿੱਚ ਬਾਕੀ ਵਿਰਾਸਤੀ ਇਮਾਰਤਾਂ ਨੂੰ ਵੀ ਸੰਭਾਲਣ ਦੀ ਲੋੜ ਹੈ ਤਾਂ ਜੋ ਇਹ ਸ਼ਹਿਰ ਆਪਣੇ ਮੂੰਹੋਂ ਆਪਣਾ ਇਤਿਹਾਸ ਸੁਣਾਉਂਦਾ ਰਹੇ।


ਸੁਰਿੰਦਰ ਸਿੰਘ ਸੋਨੀ, ਦੀਨਾਨਗਰ

ਤਸਵੀਰ-- ਮੋਜੂਦਾ ਸ਼ਾਹੀ ਬਾਰਾਂਦਰੀ ਦੀ ਤਰਸਯੋਗ ਤਸਵੀਰ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂਦੁਆਰਾ ਸਾਹਿਬ


41
6016 views