ਕਾਸ਼ੀ ਯੂਨੀਵਰਸਿਟੀ ਨੇ ਦਿੱਤਾ ਨਾਰੀ ਸਸ਼ਕਤੀਕਰਨ ਲਈ ਯੋਗ ਦਾ ਹੋਕਾ
ਨਾਰੀ ਸਸ਼ਕਤੀਕਰਨ ਲਈ ਯੋਗ” ਦਾ ਸੰਦੇਸ਼ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਪ੍ਰੋਗਰਾਮ ਆਯੋਜਿਤ
ਤਲਵੰਡੀ ਸਾਬੋ, 20 ਜੂਨ (ਗੁਰਜੰਟ ਸਿੰਘ ਨਥੇਹਾ)- ਯੁਵਾ ਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ, ਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਵਾਤਾਵਰਣ ਨਿਗਰਾਨੀ ਸੈੱਲ ਅਤੇ ਗ੍ਰੀਨ ਕੈਂਪਸ ਸੈੱਲ ਦੇ ਸਹਿਯੋਗ ਨਾਲ “ਨਾਰੀ ਸਸ਼ਕਤੀਕਰਣ ਲਈ ਯੋਗ” ਵਿਸ਼ੇ ਦੇ ਅੰਤਰਗਤ ਉੱਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਯੋਗ ਵਰਕਸ਼ਾਪ, ਯੋਗ ਜਾਗਰੂਕਤਾ ਰੈਲੀ, ਸੈਮੀਨਾਰ, ਪੋਸਟਰ ਮੇਕਿੰਗ ਮੁਕਾਬਲੇ, ਯੋਗ ਸ਼ਾਲਾ ਦਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ। ਯੋਗ ਜਾਗਰੂਕਤਾ ਰੈਲੀ ਦੀ ਸ਼ੁਰੂਆਤ ਮੌਕੇ ਡਾ. ਬਾਵਾ ਨੇ ਨਾਰੀ ਸ਼ਕਤੀ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਹਰ ਰੋਜ਼ 30 ਮਿੰਟ ਦਾ ਯੋਗ ਸਾਨੂੰ ਤਣਾਅ-ਮੁਕਤ, ਸਰੀਰਿਕ ਤੌਰ 'ਤੇ ਤੰਦਰੁਸਤ, ਮਾਨਸਿਕ ਤੌਰ ‘ਤੇ ਚੇਤਨ ਅਤੇ ਸਾਡੀ ਰਚਨਾਤਮਕਤਾ ਤੇ ਕਾਰਜਸ਼ੀਲਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਉਨ੍ਹਾਂ ਮਹਿਲਾ ਫੈਕਲਟੀ ਮੈਂਬਰਾਂ ਨੂੰ ਹੋਰ ਰੋਜ਼ ਯੋਗ ਆਸਨ, ਪ੍ਰਨਾਯਾਮ, ਧਿਆਨ ਅਤੇ ਸੂਰਯਾ ਨਮਸਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਜੀ.ਐਸ.ਬੁੱਟਰ, ਰਜਿਸਟਰਾਰ ਤੇ ਡਾ. ਬਲਵਿੰਦਰ ਸ਼ਰਮਾ, ਡਾਇਰੈਕਟਰ ਸਪੋਰਟਸ ਦੀ ਦੇਖ-ਰੇਖ ਹੇਠ ਯੋਗ ਸ਼ਾਲਾ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਯੋਗ ਮਾਹਿਰ ਡਾ. ਪੁਨੀਤ ਮਿਸ਼ਰਾ ਵੱਲੋਂ ਭਾਰਤੀ ਅਤੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਯੋਗ ਦੇ ਮਹਤੱਵ ਬਾਰੇ ਜਾਣਕਾਰੀ ਦਿੱਤੀ ਗਈ ਤੇ ਯੋਗ ਆਸਨ ਕਰਵਾਏ ਗਏ। ਯੋਗਸ਼ਾਲਾ ਵਿੱਚ ਮਹਿਲਾ ਫੈਕਲਟੀ ਮੈਂਬਰਾਂ ਤੋਂ ਇਲਾਵਾ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਐਨ.ਐਸ.ਐਸ ਵਿਭਾਗ ਵੱਲੋਂ ਯੋਗ ਨੂੰ ਜਨ-ਸਾਧਾਰਨ ਤੱਕ ਪਹੁਚਾਉਣ ਅਤੇ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਰਸਿਟੀ ਦੀ ਸਮੂਹ ਮਹਿਲਾ ਸ਼ਕਤੀ ਵੱਲੋਂ ਯੋਗ ਜਾਗਰੂਕਤਾ ਰੈਲੀ ਵੀ ਕੱਢੀ ਗਈ। ਜਿਸ ਵਿੱਚ ‘ਵਰਸਿਟੀ ਦੇ ਵੱਖ-ਵੱਖ ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਹਿੱਸਾ ਲਿਆ। ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟ ਵੱਲੋਂ ਯੋਗ ਨੂੰ ਲੋਕ-ਲਹਿਰ ਬਣਾਉਣ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਵੱਲੋਂ “ਕਰੋ ਯੋਗ, ਰਹੋ ਨਿਰੋਗ” ਦਾ ਸੰਦੇਸ਼ ਦਿੰਦੇ ਪੋਸਟਰ ਖਿੱਚ ਦਾ ਕੇਂਦਰ ਸਨ। ਇਨ੍ਹਾਂ ਸਮੂਹ ਪ੍ਰੋਗਰਾਮਾਂ ਵਿੱਚ ਐਨ.ਐਸ.ਐਸ. ਕੁਆਰਡੀਨੇਟਰ, ਪ੍ਰੋਗਰਾਮ ਅਫ਼ਸਰ ਅਤੇ ਵਲੰਟੀਅਰਾਂ ਵੱਲੋਂ ਸਮੇਂ ਸਾਰਨੀ ਅਨੁਸਾਰ ਸੁਚੱਜੇ ਤਰੀਕੇ ਨਾਲ ਕੀਤਾ ਗਿਆ ਪ੍ਰਬੰਧਨ ਸ਼ਲਾਘਾਯੋਗ ਸੀ।