
15 ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਇਨਾਮ ਵੰਡ ਸਮਾਗਮ ਨਾਲ ਹੋਇਆ ਸਮਾਪਤ
ਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀ ਵਰਗ ਵਿਚ ਆਪਣੇ ਅਮੀਰ ਵਿਰਸੇ, ਸਭਿਅਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਦੇ ਸਹਿਯੋਗ ਨਾਲ ਲਗਾਇਆ ਗਿਆ 15 ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਅੱਜ ਇਨਾਮ ਵੰਡ ਸਮਾਗਮ ਨਾਲ ਸਮਾਪਤ ਹੋ ਗਿਆ। ਇਨਾਮ ਵੰਡ ਸਮਾਗਮ ਵਿਚ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ਼ਮਸ਼ੇਰ ਸਿੰਘ ਖਾਲਸਾ, ਥਾਣਾ ਸਿੰਘ ਚੱਠਾ, ਇੰਜ. ਮਲਕੀਤ ਸਿੰਘ ਨਥੇਹਾ, ਗਿਆਨੀ ਬਲਵੰਤ ਸਿੰਘ ਸਾਬਕਾ ਹੈੱਡ ਗ੍ਰੰਥੀ, ਕੁਲਵੰਤ ਸਿੰਘ ਰਿਟਾ. ਸੁਪਰਡੈਂਟ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਭਾਗੀਵਾਂਦਰ ਅਤੇ ਗੁਰਦੀਪ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਜੋਕਾ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ ਤੋਂ ਵਾਝਾਂ ਹੁੰਦਾ ਜਾ ਰਿਹਾ ਹੈ ਸਾਨੂੰ ਸਭ ਨੂੰ ਹੰਭਲਾ ਮਾਰ ਕੇ ਬੱਚਿਆਂ ਨੂੰ ਗੁਰਮਤਿ ਦੇ ਧਾਰਨੀ ਬਣਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਉਹਨਾਂ ਸਟੱਡੀ ਸਰਕਲ ਵੱਲੋਂ ਵਿਦਿਆਰਥੀ ਸਖਸ਼ੀਅਤ ਉਸਾਰੀ ਲਈ ਕੀਤੇ ਜਾਂਦੇ ਕਾਰਜਾਂ ਦੀ ਪ੍ਰਸੰਸਾਂ ਕਰਦਿਆਂ ਮੁਕਾਬਿਲਆਂ ਵਿਚੋਂ ਜੇਤੂ 40 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਸੰਬੰਧੀ ਕੈਂਪ ਕੋਆਰਡੀਨੇਟਰ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਸੁਖਰਾਜ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪੰਦਰਾ ਰੋਜ਼ਾ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਨਸ਼ਿਆਂ ਦੇ ਨੁਕਸਾਨ, ਸਿਹਤ ਸੰਭਾਲ, ਵਾਤਾਵਰਣ ਸੰਭਾਲ, ਇਮਾਨਦਾਰੀ ਚੰਗੀ ਨੀਤੀ, ਵੰਡ ਛਕੋ, ਸਫ਼ਲ ਜੀਵਨ ਦੇ ਰਾਜ, ਵੱਡਿਆ ਦਾ ਸਤਿਕਾਰ ਆਦਿ ਵਿਸ਼ਿਆਂ ਤੇ ਵੱਖ-ਵੱਖ ਵਿਦਵਾਨਾਂ ਵੱਲੋਂ ਲੈਕਚਰ ਦਿੱਤੇ ਗਏ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਵਿਤਾ ਮੁਕਾਬਲਾ, ਅਰਦਾਸ ਮੁਕਾਬਲਾ, ਲੰਬੇ ਕੇਸ ਮੁਕਾਬਲਾ ਅਤੇ ਦਸਤਾਰ ਸਜਾਉਣ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਇਲਾਵਾ ਕੈਂਪ ਦੌਰਾਨ ਦਸਤਾਰ ਸਿਖਲਾਈ, ਇਤਿਹਾਸਕ ਫ਼ਿਲਮ ਸ਼ੋਅ ਅਤੇ ਸਲਾਈਡ ਸ਼ੋਅ, ਖੇਡਾਂ, ਮੈਜਿਕ ਸ਼ੋਅ ਆਦਿ ਖਿੱਚ ਦਾ ਕੇਂਦਰ ਰਹੇ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾ ਰਿਫਰੈਸ਼ਮੈਂਟ ਵੀ ਦਿੱਤੀ ਗਈ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਮੂਹ ਮੈਂਬਰ ਭਾਈ ਮਨੀ ਸਿੰਘ ਸੇਵਾ ਸੁਸਾਇਟੀ, ਡਾ. ਗੁਰਜੀਤ ਸਿੰਘ, ਪਰਮਿੰਦਰ ਸਿੰਘ, ਪ੍ਰੋ. ਸਰਬਜੀਤ ਕੌਰ, ਗੁਰਜੰਟ ਸਿੰਘ ਨਥੇਹਾ, ਬਿੱਟੂ ਸਿੰਘ, ਹਰਮਨ ਸਿੰਘ, ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।