logo

ਰੁੱਖ ਲਗਾਓ-ਰੁੱਖ ਬਚਾਓ ਦਾ ਸੁਨੇਹਾ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵੰਡੀਆਂ ਛਤਰੀਆਂ।

ਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਧਰਤੀ ਤੇ ਵਧ ਰਹੇ ਤਾਪਮਾਨ, ਝੁਲਸ ਰਹੀ ਬਨਸਪਤੀ, ਪਾਣੀ ਲਈ ਤੜਪਦੇ ਜੀਵਾਂ ਅਤੇ ਪਰਿੰਦਿਆਂ ਦੇ ਦਰਦਨਾਕ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਐਸ. ਕੇ ਬਾਵਾ ਦੀ ਰਹਿਨੁਮਾਈ ਹੇਠ ਤਲਵੰਡੀ ਸਾਬੋ ਤੇ ਨੇੜਲੇ ਇਲਾਕੇ ਵਿੱਚ ਰੁੱਖ ਲਗਾਓ-ਰੁੱਖ ਬਚਾਓ ਦਾ ਸੁਨੇਹਾ ਦੇਣ ਲਈ ਛਤਰੀਆਂ ਵੰਡੀਆਂ ਗਈਆਂ। ਇਸ ਮੌਕੇ ਉਹਨਾਂ ਕਿਹਾ ਕਿ ਛਤਰੀਆਂ ਧੁੱਪ ਤੋਂ ਬਚਣ ਦਾ ਤਤਕਾਲੀ ਤੇ ਅਸਥਾਈ ਹੱਲ ਹੋ ਸਕਦੀਆਂ ਹਨ ਪਰ ਇਸ ਦਾ ਅਸਲ ਇਲਾਜ ਰੁੱਖਾਂ ਦੀ ਰਾਖੀ ਹੁੰਦੀ ਸਾਂਭ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ। ਉਹਨਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਧਰਤੀ ਦਾ ਤਾਪਮਾਨ 48 ਡਿਗਰੀ ਤੱਕ ਜਾਂ ਪਹੁੰਚਿਆ ਹੈ। ਜੇ ਇਹ ਹਾਲਾਤ ਰਹੇ ਤਾਂ ਅਗਲੇ ਕੁਝ ਸਾਲਾਂ ਵਿੱਚ ਇਹ 50 ਤੋਂ 52 ਡਿਗਰੀ ਤੱਕ ਜਾਂ ਪਹੁੰਚੇਗਾ ਜੋ ਧਰਤੀ ਦੇ ਬਸ਼ਿੰਦਿਆਂ ਤੋਂ ਇਲਾਵਾ ਬੇਸਹਾਰਾ ਤੇ ਬੇਜੁਬਾਨ ਜੀਵਾਂ ਤੇ ਪਰਿੰਦਿਆਂ ਲਈ ਵੀ ਖਤਰਨਾਕ ਸਾਬਤ ਹੋਵੇਗਾ। ਉਹਨਾਂ ਵੱਧ ਦੇ ਤਾਪਮਾਨ ਨੂੰ ਠੱਲ ਪਾਉਣ ਦਾ ਇੱਕੋ ਇੱਕ ਤਰੀਕਾ ਵੱਧ ਤੋਂ ਵੱਧ ਰੁੱਖ ਲਗਾਉਣ ਨੂੰ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਵਰਸਿਟੀ ਵੱਲੋਂ ਪਹਿਲਾਂ ਹੀ ਵਣ ਮਹਾਂ ਉਤਸਵ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਵਰਸਿਟੀ ਅਤੇ ਇਸ ਦੇ ਆਲੇ ਦੁਆਲੇ ਹਜ਼ਾਰਾਂ ਰੁੱਖ ਲਗਾਏ ਜਾਣ ਕੇ ਅਤੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਉਹਨਾਂ ਛਤਰੀਆਂ ਵੰਡਦੇ ਹੋਏ ਕੜਕਦੀ ਧੁੱਪ ਵਿੱਚ ਖੜੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਜੀ.ਐਸ ਬੁੱਟਰ (ਰਜਿਸਟਰਾਰ) ਨੇ ਕਿਹਾ ਕਿ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਸਿਟੀ ਦਾ ਇਹ ਖੂਬਸੂਰਤ ਉਪਰਾਲਾ ਹੈ। ਉਨਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਪਾਣੀ ਦੀ ਦੁਰਵਰਤੋਂ ਰੋਕਣ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਡੇ ਇਹ ਕਾਰਜ ਆਉਣ ਵਾਲੀਆਂ ਪੀੜੀਆਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਨ ਪ੍ਰਦਾਨ ਕਰਨਗੇ। ਇਸ ਮੁਹਿੰਮ ਤਹਿਤ ਨਵਦੀਪ ਸਿੰਘ ਹੇਅਰ (ਡਾਇਰੈਕਟਰ ਮਾਰਕੀਟਿੰਗ ਅਤੇ ਕਾਰਪੋਰੇਟ ਅਫੇਅਰ) ਤੇ ਲਵਲੀਨ ਸੱਚਦੇਵਾ (ਲੋਕ ਸੰਪਰਕ ਅਧਿਕਾਰੀ) ਨੇ ਲੋਕਾਂ ਨਾਲ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਪਾਣੀ ਨੂੰ ਬਚਾਉਣ ਦੇ ਨੁਕਤੇ ਸਾਂਝੇ ਕੀਤੇ।

8
3420 views