logo

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾਕਟਰ ਜਗਤਾਰ ਸਿੰਘ ਧੀਮਾਨ ਵੱਲੋਂ ਰਚਿਤ ਪੁਸਤਕ ਭਰਪੂਰ ਜ਼ਿੰਦਗੀ ਜਿਉਣ ਦਾ ਸਲੀਕਾ ਰੀਲੀਜ਼

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਾਮਵਰ ਸਿੱਖਿਆ ਸ਼ਾਸਤਰੀ ਤੇ ਸਥਾਪਿਤ ਲੇਖਕ ਡਾ. ਜਗਤਾਰ ਸਿੰਘ ਧੀਮਾਨ, ਪਰੋ. ਵਾਈਸ ਚਾਂਸਲਰ ਵੱਲੋਂ ਲਿਖੀ ਪੁਸਤਕ “ਭਰਪੂਰ ਜ਼ਿੰਦਗੀ ਜਿਉਣ ਦਾ ਸਲੀਕਾ” ਸ. ਸੁਖਰਾਜ ਸਿੰਘ ਸਿੱਧੂ, ਪ੍ਰਬੰਧਕੀ ਨਿਰਦੇਸ਼ਕ ਤੇ ਪ੍ਰੋ. (ਡਾ.) ਐਸ.ਕੇ.ਬਾਵਾ, ਉਪ ਕੁਲਪਤੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰੀਲੀਜ਼ ਕੀਤੀ ਗਈ। ਇਸ ਮੌਕੇ ਸ. ਸੁਖਰਾਜ ਸਿੰਘ ਸਿੱਧੂ ਨੇ ਲੇਖਕ ਨੂੰ ਵਧਾਈ ਦਿੰਦਿਆ ਕਿਹਾ ਕਿ ਅਜੋਕੇ ਸਮੇਂ ਇਨਸਾਨ ਨੂੰ ਦਰਪੇਸ਼ ਵੰਗਾਰਾਂ ਦਾ ਆਤਮ ਵਿਸ਼ਵਾਸ ਨਾਲ ਸਾਹਮਣਾ ਕਰਦੇ ਹੋਏ ਕਾਮਯਾਬੀ ਵੱਲ ਕਦਮ ਵਧਾਉਣ ਦੇ ਤਰੀਕੇ ਇਸ ਕਿਤਾਬ ਤੋਂ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਲਘੂ ਪੁਸਤਕ ਵੱਡੇ ਸੰਦੇਸ਼ ਆਪਣੇ ਆਪ ਵਿੱਚ ਸਮੋਈ ਬੈਠੀ ਹੈ। ਲੋਕ ਅਰਪਣ ਮੌਕੇ ਡਾ. ਬਾਵਾ ਨੇ ਕਿਹਾ ਕਿ ਸਾਨੂੰ ਆਪਣੇ ਆਪ 'ਤੇ ਦ੍ਰਿੜ ਵਿਸ਼ਵਾਸ ਰੱਖਦੇ ਹੋਏ ਆਪਣੀ ਯੋਗਤਾਵਾਂ ਨੂੰ ਲੋਕਾਈ ਦੀ ਤਰੱਕੀ ਲਈ ਵਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੇਖਕ ਨੇ ਕਿਤਾਬ ਰਾਹੀਂ ਗਾਗਰ ਵਿੱਚ ਸਾਗਰ ਭਰਿਆ ਹੈ. ਜੋ ਉਨ੍ਹਾਂ ਦੇ ਜ਼ਿੰਦਗੀ ਬਾਰੇ ਵੱਡੇ ਤਜ਼ਰਬਿਆਂ ਦੀ ਗਵਾਹੀ ਭਰਦੀ ਹੈ। ਹੱਥਲੀ ਕਿਤਾਬ ਨੇਕ ਜ਼ਿੰਦਗੀ ਜੀਣ ਦਾ ਸੰਦੇਸ਼ ਦਿੰਦੀ ਹੈ। ਲੇਖਕ ਡਾ. ਧੀਮਾਨ ਨੇ ਕਿਹਾ ਕਿ ਕਿਤਾਬ ਜ਼ਿੰਦਗੀ ਜਿਉਣ ਦੀ ਕਲਾ ਦਾ ਵਰਨਣ ਚਾਰ ਨੁਕਤਿਆਂ ਦੇ ਆਧਾਰ ਤੇ ਕਰਦੀ ਹੈ। ਸਾਨੂੰ ਵਗਦੇ ਦਰਿਆਵਾਂ, ਰਿੜਦੇ ਪੱਥਰਾਂ, ਖਿੜੇ ਫੁੱਲਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਨੂੰ ਆਪਣੀ ਭਰਪੂਰ ਜ਼ਿੰਦਗੀ ਮਾਨਣ ਦੇ ਲਈ ਆਤਮ ਵਿਸ਼ਵਾਸ ਅਤੇ ਪੱਕੇ ਇਰਾਦੇ ਨਾਲ ਅੱਗੇ ਵੱਧਣ ਦਾ ਉਦਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਇਕ ਹਵਾ ਵਿੱਚ ਉੱਡ ਰਹੇ ਗੁਬਾਰੇ ਦੀ ਤਰ੍ਹਾਂ ਹੈ। ਜਿਸ ਵਿੱਚ ਇਨਸਾਨ ਆਪਣੇ ਹੁਨਰ, ਸਵੈ ਵਿਸ਼ਵਾਸ, ਮਿਹਨਤ, ਅਤੇ ਪਰੋਪਕਾਰ ਵਰਗੇ ਗੁਣਾਂ ਰਾਹੀਂ ਉੱਚਾ ਉੱਡ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਮਾਤਮਾ ਨੇ ਹਰੇਕ ਇਨਸਾਨ ਵਿੱਚ ਅਥਾਹ ਸ਼ਕਤੀ ਤੇ ਕੁਝ ਵੱਡਾ ਕਰ ਗੁਜਰਨ ਦੀ ਯੋਗਤਾ ਬਖ਼ਸ਼ੀ ਹੈ। ਜਿਸ ਰਾਹੀਂ ਉਹ ਆਪਣੇ ਨਿੱਜ ਨੂੰ ਹੋਰ ਉਚੇਰਾ, ਨੇਕ ਅਤੇ ਲੋਕਾਈ ਦੇ ਭਲੇ ਨੂੰ ਸਮਰਪਿਤ ਕਰ ਸਕਦਾ ਹੈ। ਇਸ ਮੌਕੇ ਸ. ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ।

40
4027 views