logo

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਨੇ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ 10,000 ਰੁਪਏ ਤੱਕ ਨਗਦ ਭੁਗਤਾਨ ਸੀਮਾ, ਭਾਵੇਂ ਉਮੀਦਵਾਰ ਨੂੰ ਫੰਡ ਜਾਂ ਉਮੀਦਵਾਰ ਦੁਆਰਾ ਭੁਗਤਾਨ ਹੋਵੇ 10 ਲੱਖ ਤੋਂ ਵੱਧ ਦੇ ਕਿਸੇ ਵੀ ਲੈਣ-ਦੇਣ ਦੀ ਨਿਗਰਾਨੀ ਅਤੇ ਤੁਰੰਤ ਰਿਪੋਰਟ ਕਰਨ ਲਈ ਆਖਿਆ ਚੋਣ ਖਰਚਿਆਂ ਨਾਲ ਸਬੰਧਤ ਹਰ ਪੈਸੇ ਦਾ ਹਿਸਾਬ ਹੋਣਾ ਲਾਜ਼ਮੀ

ਸੁਨੀਲ ਕੁਮਾਰ ਭੱਟੀ, ਮੋਹਾਲੀ

ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬੈਂਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ 10 ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਲੈਣ-ਦੇਣ ਦੀ ਨਿਗਰਾਨੀ ਕਰਨ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਚੋਣ ਦਫ਼ਤਰ ਨੂੰ ਦੇਣ ਜੋ ਅੱਗੇ ਹੋਰ ਤਸਦੀਕ ਲਈ ਨੋਡਲ ਅਫਸਰ, ਇਨਕਮ ਟੈਕਸ ਨੂੰ ਭੇਜੇਗਾ।
ਲੋਕ ਸਭਾ ਚੋਣਾਂ-2024 ਨੂੰ ਲੈ ਕੇ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਹੋਰ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ, ਵੋਟਰਾਂ ਨੂੰ ਲੁਭਾਉਣ ਲਈ ਪੈਸੇ ਅਤੇ ਤਾਕਤ ਨੂੰ ਰੋਕਣਾ ਸਾਡਾ ਮੁੱਢਲਾ ਫਰਜ਼ ਹੈ।
ਉਨ੍ਹਾਂ ਕਿਹਾ ਕਿ 10,000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਲਈ ਸਾਰੇ ਉਮੀਦਵਾਰਾਂ ਕੋਲ, ਖ਼ੁਦ ਜਾਂ ਆਪਣੇ ਚੋਣ ਏਜੰਟ ਦੁਆਰਾ ਸੰਚਾਲਿਤ ਬੈਂਕ ਖਾਤਾ ਹੋਣਾ ਚਾਹੀਦਾ ਹੈ। ਇਸ ਵਿੱਚ ਉਸਦੇ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।
ਉਮੀਦਵਾਰ ਵੱਲੋਂ ਸਾਰਾ ਚੋਣ ਖਰਚਾ ਸਿਰਫ ਇਸ ਬੈਂਕ ਖਾਤੇ ਤੋਂ ਹੀ ਕੀਤਾ ਜਾਵੇਗਾ। ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਸਾਰੇ ਬੈਂਕਾਂ ਅਤੇ ਡਾਕਘਰਾਂ ਨੂੰ ਚੋਣ ਉਦੇਸ਼ਾਂ ਲਈ ਸਮਰਪਿਤ ਕਾਊਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਉਮੀਦਵਾਰਾਂ ਨੂੰ ਬੈਂਕ ਖਾਤਾ ਖੋਲ੍ਹਣ ਲਈ ਤੁਰੰਤ ਸੇਵਾਵਾਂ ਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬੈਂਕਾਂ ਨੂੰ ਵੀ ਚੋਣ ਅਮਲ ਸਮੇਂ ਦੌਰਾਨ ਪਹਿਲ ਦੇ ਆਧਾਰ 'ਤੇ ਇਸ ਖਾਤੇ ਤੋਂ ਪੈਸੇ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸੁਵਿਧਾ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰ ਦੁਆਰਾ ਕਿਸੇ ਵਿਅਕਤੀ/ਸੇਵਾ ਪ੍ਰਦਾਤਾ ਨੂੰ ਖਰਚੇ ਦੀ ਕਿਸੇ ਵੀ ਵਸਤੂ ਲਈ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ, ਭੁਗਤਾਨ ਯੋਗ ਰਕਮ, 10,000/- ਰੁਪਏ ਤੋਂ ਵੱਧ ਨਹੀਂ ਹੈ ਤਾਂ ਫਿਰ ਅਜਿਹਾ ਖਰਚਾ ਬੈਂਕ ਖਾਤੇ ਤੋਂ ਕਢਵਾ ਕੇ ਨਕਦੀ ਰਾਹੀਂ ਕੀਤਾ ਜਾ ਸਕਦਾ ਹੈ, ਜਦਕਿ ਬਾਕੀ ਸਾਰੀਆਂ ਅਦਾਇਗੀਆਂ ਉਕਤ ਬੈਂਕ ਖਾਤੇ ਤੋਂ ਚੈੱਕ ਰਾਹੀਂ ਕੀਤੀਆਂ ਜਾਣੀਆਂ ਹਨ।
ਇਸੇ ਤਰ੍ਹਾਂ, ਉਮੀਦਵਾਰਾਂ ਨੂੰ 10,000/- ਰੁਪਏ ਤੋਂ ਵੱਧ ਕੋਈ ਫ਼ੰਡ ਜਾਂ ਕਰਜ਼ਾ ਨਕਦ ਰੂਪ ਵਿੱਚ ਨਹੀਂ ਦਿੱਤਾ ਜਾ ਸਕਦਾ। ਇਸ ਰਾਸ਼ੀ ਤੋਂ ਉੱਪਰ ਅਜਿਹੇ ਸਾਰੇ ਫ਼ੰਡ/ਭੁਗਤਾਨ ਚੈੱਕ, ਡਰਾਫਟ, ਜਾਂ ਖਾਤਾ ਟ੍ਰਾਂਸਫਰ ਦੁਆਰਾ ਪ੍ਰਾਪਤ ਕੀਤੇ ਜਾਣੇ ਹਨ। ਬੈਂਕਾਂ ਨੂੰ ਸਾਰੇ ਸ਼ੱਕੀ ਲੈਣ-ਦੇਣ ਦੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ ਸਨ।
ਆਊਟਸੋਰਸ ਏਜੰਸੀਆਂ ਦੀਆਂ ਕੈਸ਼ ਵੈਨਾਂ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਵੈਨਾਂ ਵਿੱਚ ਬੈਂਕਾਂ ਤੋਂ ਇਲਾਵਾ ਕਿਸੇ ਵੀ ਤੀਜੀ ਧਿਰ ਦੀ ਏਜੰਸੀ ਦਾ ਕੈਸ਼ ਨਹੀਂ ਲਿਜਾਇਆ ਜਾਵੇਗਾ। ਸਾਰੀਆਂ ਆਊਟਸੋਰਸਡ ਏਜੰਸੀਆਂ/ਕੰਪਨੀਆਂ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਨਗਦੀ ਦੇ ਵੇਰਵੇ ਦਿੰਦੇ ਹੋਏ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਪੱਤਰ, ਦਸਤਾਵੇਜ਼ ਆਦਿ ਨਾਲ ਲੈ ਕੇ ਚੱਲਣਗੀਆਂ। ਉਨ੍ਹਾਂ ਨੇ ਬੈਂਕਰਾਂ ਨੂੰ ਅੱਗੇ ਕਿਹਾ ਕਿ ਕੈਸ਼ ਵੈਨ ਦੇ ਨਾਲ ਆਉਣ ਵਾਲੀਆਂ ਆਊਟਸੋਰਸਡ ਏਜੰਸੀਆਂ/ਕੰਪਨੀਆਂ ਦੇ ਕਰਮਚਾਰੀ ਸਬੰਧਤ ਏਜੰਸੀਆਂ ਦੁਆਰਾ ਜਾਰੀ ਕੀਤੇ ਪਛਾਣ ਪੱਤਰ ਲੈ ਕੇ ਚੱਲਣ।
ਏਡੀਸੀ (ਜ) ਵਿਰਾਜ ਐਸ ਤਿੜਕੇ ਨੇ ਸਾਰੇ ਬੈਂਕਰਾਂ ਨੂੰ ਕਿਹਾ ਕਿ ਉਹ ਆਪਣੇ ਰੋਜ਼ਾਨਾ ਦੇ ਕੰਮ ਲਈ ਬੈਂਕਾਂ ਵਿੱਚ ਆਉਣ ਵਾਲੇ ਆਮ ਲੋਕਾਂ ਵਿੱਚ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ, ਜਿਸ ਨਾਲ ਮੋਹਾਲੀ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਵਿੱਚ ਹੋਰ ਮਦਦ ਮਿਲੇਗੀ।
ਐਲਡੀਐਮ ਮੋਹਾਲੀ ਐਮ ਕੇ ਭਾਰਦਵਾਜ ਨੇ ਸਾਰੇ ਬੈਂਕਰਾਂ ਨੂੰ ਚੋਣ ਸਮੇਂ ਦੌਰਾਨ ਸ਼ਾਖਾਵਾਂ ਅਤੇ ਕਰੰਸੀ ਚੈਸਟ ਦੁਆਰਾ ਨਕਦੀ ਨੂੰ ਕਿਵੇਂ ਲਿਜਾਣਾ ਹੈ, ਬਾਰੇ ਜਾਣਕਾਰੀ ਦਿੱਤੀ।

0
0 views