logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿਖੇ ਪ੍ਰੀਖਿਆਵਾਂ ਦੌਰਾਨ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਰਸ਼ ਸੱਚਰ



ਫਰੀਦਕੋਟ, 7 ਜੂਨ26(ਨਾਇਬ ਰਾਜ)

ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS), ਫਰੀਦਕੋਟ ਵਿਖੇ ਹੋਣ ਵਾਲੀਆਂ ਪ੍ਰਵੇਸ਼, ਭਰਤੀ ਅਤੇ ਹੋਰ ਮੁਕਾਬਲਾਤੀ ਪ੍ਰੀਖਿਆਵਾਂ ਦੌਰਾਨ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬੁਨਿਆਦੀ ਸਹੂਲਤਾਂ ਦੇ ਸੁਚੱਜੇ ਪ੍ਰਬੰਧ ਦੀ ਮੰਗ ਕਰਦਿਆਂ ਵਾਈਸ ਚਾਂਸਲਰ, BFUHS ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਜਨਹਿਤ ਅਰਜ਼ੀ ਭੇਜੀ ਹੈ।

ਅਰਸ਼ ਸੱਚਰ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਰਾਜਾਂ ਤੋਂ ਪ੍ਰੀਖਿਆਵਾਂ ਦੇਣ ਲਈ ਫਰੀਦਕੋਟ ਆਉਂਦੇ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਮਾਪੇ, ਪਰਿਵਾਰਕ ਮੈਂਬਰ, ਬਜ਼ੁਰਗ ਅਤੇ ਮਹਿਲਾਵਾਂ ਵੀ ਆਉਂਦੀਆਂ ਹਨ, ਜਿਨ੍ਹਾਂ ਨੂੰ ਪ੍ਰੀਖਿਆ ਦੌਰਾਨ ਕਈ ਘੰਟੇ ਯੂਨੀਵਰਸਿਟੀ ਕੈਂਪਸ ਜਾਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਉਡੀਕ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਬਹੁਤ ਸਾਰੇ ਲੋਕ ਤਿੱਖੀ ਧੁੱਪ ਵਿੱਚ ਖੜ੍ਹੇ ਰਹਿਣ ਲਈ ਮਜਬੂਰ ਹੁੰਦੇ ਹਨ ਕਿਉਂਕਿ ਬੈਠਣ, ਛਾਂ, ਪੀਣ ਵਾਲੇ ਠੰਡੇ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਯਾਪਤ ਪ੍ਰਬੰਧ ਨਹੀਂ ਹੁੰਦਾ। ਇਸ ਕਾਰਨ ਖ਼ਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਰਸ਼ ਸੱਚਰ ਨੇ ਕਿਹਾ ਕਿ ਫਰੀਦਕੋਟ ਸ਼ੇਖ਼ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਹੈ, ਜੋ ਸਦੀਆਂ ਤੋਂ ਸੇਵਾ, ਮਹਿਮਾਨਨਵਾਜ਼ੀ ਅਤੇ ਮਨੁੱਖਤਾ ਦੀ ਮਿਸਾਲ ਰਹੀ ਹੈ। ਇਸ ਲਈ ਇੱਥੇ ਆਉਣ ਵਾਲੇ ਹਰ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਫਰੀਦਕੋਟ ਵਾਸੀਆਂ ਨੇ ਉਨ੍ਹਾਂ ਦੀ ਸਹੂਲਤ ਅਤੇ ਸਤਿਕਾਰ ਦਾ ਪੂਰਾ ਧਿਆਨ ਰੱਖਿਆ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਯੂਨੀਵਰਸਿਟੀ ਕੋਲ ਇਸ ਮੰਤਵ ਲਈ ਬਜਟ ਜਾਂ ਹੋਰ ਸਰੋਤ ਉਪਲਬਧ ਹਨ ਤਾਂ ਪ੍ਰੀਖਿਆ ਵਾਲੇ ਦਿਨਾਂ ਦੌਰਾਨ ਵੱਡੇ ਟੈਂਟ, ਕੁਰਸੀਆਂ, ਠੰਡੇ ਪੀਣ ਵਾਲੇ ਪਾਣੀ, ਫਰਸਟ ਏਡ ਕਾਊਂਟਰ, ORS, ਹੈਲਪ ਡੈਸਕ, ਪਬਲਿਕ ਐਨਾਊਂਸਮੈਂਟ ਸਿਸਟਮ ਅਤੇ ਸੁਚੱਜੀ ਪਾਰਕਿੰਗ ਵਿਵਸਥਾ ਕੀਤੀ ਜਾਵੇ।

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਯੂਨੀਵਰਸਿਟੀ ਆਪਣੇ ਪੱਧਰ 'ਤੇ ਇਹ ਸਾਰਾ ਪ੍ਰਬੰਧ ਕਰਨ ਵਿੱਚ ਅਸਮਰੱਥ ਹੈ ਤਾਂ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਅਗਵਾਈ ਹੇਠ ਰੈੱਡ ਕਰਾਸ, ਰੋਟਰੀ ਕਲੱਬ, ਲਾਇਨਜ਼ ਕਲੱਬ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਐਨ.ਐਸ.ਐਸ., ਐਨ.ਸੀ.ਸੀ. ਅਤੇ ਹੋਰ ਵਲੰਟੀਅਰ ਗਰੁੱਪਾਂ ਦੀ ਇੱਕ ਕੋਆਰਡੀਨੇਸ਼ਨ ਮੀਟਿੰਗ ਬੁਲਾਈ ਜਾਵੇ, ਤਾਂ ਜੋ ਹਰ ਸੰਸਥਾ ਨੂੰ ਇੱਕ ਨਿਰਧਾਰਿਤ ਸੇਵਾ ਕੇਂਦਰ ਦੀ ਜ਼ਿੰਮੇਵਾਰੀ ਦਿੱਤੀ ਜਾ ਸਕੇ।

ਅਰਸ਼ ਸੱਚਰ ਨੇ ਕਿਹਾ ਕਿ ਜਿਵੇਂ ਪੋਲਿਓ ਮੁਹਿੰਮ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ ਬੂਥ ਅਲਾਟ ਕਰਕੇ ਇੱਕ ਸੰਗਠਿਤ ਪ੍ਰਬੰਧ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਪ੍ਰੀਖਿਆ ਦੌਰਾਨ ਵੀ ਵੱਖ-ਵੱਖ NGO ਅਤੇ ਸੇਵਾ ਸੰਸਥਾਵਾਂ ਨੂੰ ਸੇਵਾ ਕੇਂਦਰ ਅਲਾਟ ਕੀਤੇ ਜਾ ਸਕਦੇ ਹਨ, ਜਿਸ ਨਾਲ ਕਿਸੇ ਇੱਕ ਥਾਂ ਤੇ ਸਹੂਲਤਾਂ ਦੀ ਭੀੜ ਅਤੇ ਕਿਸੇ ਹੋਰ ਥਾਂ ਤੇ ਘਾਟ ਵਾਲੀ ਸਥਿਤੀ ਤੋਂ ਬਚਿਆ ਜਾ ਸਕੇਗਾ।

ਉਨ੍ਹਾਂ ਜਨਹਿਤ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਸਪੱਸ਼ਟ ਕਰੇ ਕਿ ਕੀ ਪ੍ਰੀਖਿਆਵਾਂ ਅਤੇ ਕੌਂਸਲਿੰਗ ਦੌਰਾਨ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਕੋਈ ਫੰਡ ਜਾਂ ਬਜਟ ਰੱਖਿਆ ਜਾਂਦਾ ਹੈ, ਪਿਛਲੇ ਤਿੰਨ ਸਾਲਾਂ ਦੌਰਾਨ ਇਸ ਮੰਤਵ ਲਈ ਕਿੰਨੀ ਰਕਮ ਖਰਚ ਕੀਤੀ ਗਈ ਹੈ ਅਤੇ ਉਸ ਰਕਮ ਦੇ ਬਦਲੇ ਕਿਹੜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ ਇਹ ਮੰਗ ਕਿਸੇ ਤਰ੍ਹਾਂ ਦੀ ਆਲੋਚਨਾ ਨਹੀਂ ਸਗੋਂ ਇੱਕ ਸਕਾਰਾਤਮਕ ਅਤੇ ਜਨਹਿਤਕ ਪਹਿਲ ਹੈ, ਜਿਸ ਦਾ ਉਦੇਸ਼ ਫਰੀਦਕੋਟ ਆਉਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੀਆ ਤਜਰਬਾ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਲੈਂਦੇ ਹੋਏ ਜਲਦ ਲੋੜੀਂਦੇ ਕਦਮ ਚੁੱਕਣਗੇ।

0
66 views

Comment