ਸੀਬੀਆਈ ਤੇ ਈਡੀ ਦੀ ਵੱਡੀ ਜਾਂਚ ਤੇਜ਼ ਸਸਪੈਂਡ DIG ਭੁੱਲਰ ਦੇ 26 ਬੈਂਕ ਖਾਤੇ ਫ੍ਰੀਜ਼, ਪੰਜਾਬ ਦੇ 14 IAS-IPS ਅਧਿਕਾਰੀ ਰਡਾਰ ਤੇ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਸਪੈਂਡ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਚੱਲ ਰਹੀ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਜਾਂਚ ਵਿੱਚ ਸੀਬੀਆਈ ਅਤੇ ਈਡੀ ਨੇ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਾਂਚ ਏਜੰਸੀਆਂ ਨੇ ਭੁੱਲਰ ਅਤੇ ਉਸਦੇ ਪਰਿਵਾਰ ਨਾਲ ਜੁੜੇ 26 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ।
ਸੂਤਰਾਂ ਅਨੁਸਾਰ ਜਾਂਚ ਦੌਰਾਨ ਨਵੇਂ ਸਬੂਤ ਹੱਥ ਲੱਗਣ ਤੋਂ ਬਾਅਦ ਪੰਜਾਬ ਦੇ 14 ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਜਾਂਚ ਦੇ ਘੇਰੇ ਵਿੱਚ ਆਏ ਹਨ। ਇਨ੍ਹਾਂ ਵਿੱਚ 10 ਆਈਪੀਐਸ ਅਤੇ 4 ਆਈਏਐਸ ਅਧਿਕਾਰੀ ਸ਼ਾਮਲ ਦੱਸੇ ਜਾ ਰਹੇ ਹਨ।
ਸੀਬੀਆਈ ਨੂੰ ਸ਼ੱਕ ਹੈ ਕਿ ਕੁਝ ਅਧਿਕਾਰੀਆਂ ਨੇ ਮੋਹਾਲੀ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦੇ ਪ੍ਰਾਪਰਟੀ ਡੀਲਰਾਂ ਰਾਹੀਂ ਬੇਨਾਮੀ ਜਾਇਦਾਦਾਂ ਵਿੱਚ ਨਿਵੇਸ਼ ਕੀਤਾ। ਹੁਣ ਜਾਂਚ ਏਜੰਸੀਆਂ ਵੱਲੋਂ ਕਈ ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਤੋਂ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਕੋ-ਅਭਿਯੁਕਤ ਕ੍ਰਿਸ਼ਨੂ ਸ਼ਰਮਾ ਦੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਵੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਟ੍ਰਾਂਸਫਰ-ਪੋਸਟਿੰਗ, ਐਫਆਈਆਰ ਅਤੇ ਹਥਿਆਰ ਲਾਇਸੰਸ ਮਾਮਲਿਆਂ ਵਿੱਚ ਵੱਡੇ ਨੈੱਟਵਰਕ ਦੇ ਸਬੂਤ ਮਿਲ ਰਹੇ ਹਨ।
ਸੀਬੀਆਈ ਅਤੇ ਈਡੀ ਹੁਣ ਪੂਰੇ ਰੈਕੇਟ ਦੀਆਂ ਕੜੀਆਂ ਜੋੜਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਰਿਪੋਰਟਰ : ਅਜੈ ਕੁਮਾਰ