logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲੈਕਆਊਟ ਅਤੇ ਮੌਕਡਰਿੱਲ ਅਭਿਆਸ ਸ਼ੁੱਕਰਵਾਰ ਨੂੰ : ਡਿਪਟੀ ਕਮਿਸ਼ਨਰ


ਰਾਤ 8:00 ਵਜੇ ਤੋਂ 8:20 ਵਜੇ ਤੱਕ ਰਹੇਗਾ ਮੁਕੰਮਲ ਬਲੈਕਆਊਟ

ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਬਲੈਕਆਊਟ ਤੇ ਮੌਕਡਰਿੱਲ ਸਿਰਫ਼ ਸਥਿਤੀ ਨਾਲ ਨਜਿੱਠਣ ਲਈ ਅਭਿਆਸੀ ਪ੍ਰਕਿਰਿਆ

ਡੀ.ਏ.ਵੀ ਕਾਲਜ ਵਿਖੇ ਹੋਵੇਗੀ ਮੌਕਡਰਿੱਲ ਪ੍ਰਕਿਰਿਆ

ਹੁਸ਼ਿਆਰਪੁਰ, 23 ਅਪ੍ਰੈਲ : (ਬਲਵੀਰ ਚੌਪੜਾ ))ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਸ਼ਾਮ ਨੂੰ ਅਭਿਆਸ ਦੇ ਤੌਰ ‘ਤੇ ਸਥਾਨਕ ਡੀ.ਏ.ਵੀ. ਕਾਲਜ ਵਿਖੇ ਮੌਕ ਡਰਿੱਲ ਕੀਤੀ ਜਾਵੇਗੀ ਜਿਸਦਾ ਮਕਸਦ ਲੋਕਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਪੂਰੀ ਚੌਕਸੀ ਨਾਲ ਬਚਾਅ ਕਰਨਾ ਅਤੇ ਸੁਰੱਖਿਅਤ ਰਹਿਣ ਦਾ ਢੰਗ ਦੱਸਣਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਰਾਤ 8:00 ਵਜੇ ਤੋਂ 8:20 ਵਜੇ ਤੱਕ ਸ਼ਹਿਰ ਵਿਚ ਬਲੈਕਆਊਟ ਅਤੇ ਮੌਕਡਰਿੱਲ ਅਭਿਆਸ ਕਰਵਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਬਲੈਕਆਊਟ ਦੇ ਮੱਦੇਨਜ਼ਰ ਕਿਸੇ ਪੱਖੋਂ ਘਬਰਾਉਣ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਮਜ਼ਬੂਤੀ ਲਈ ਅਭਿਆਸੀ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ ਮੌਕਡਰਿੱਲ ਰਾਹੀਂ ਕਿਸੇ ਵੀ ਹੰਗਾਮੀ ਹਾਲਤ ਵਿਚ ਲੋਕਾਂ ਦੇ ਬਚਾਅ ਅਤੇ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲੈਕਆਊਟ ਤੋਂ ਦੋ ਮਿੰਟ ਪਹਿਲਾਂ ਸਾਇਰਨ ਵਜਾਇਆ ਜਾਵੇਗਾ ਜਿਸ ਉਪਰੰਤ ਬਲੈਕਆਊਟ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ’ਚ ਬਲੈਕਆਊਟ ਨਹੀਂ ਹੋਵੇਗਾ ਜਦਕਿ ਬਾਜ਼ਾਰ, ਦੁਕਾਨਾਂ ਅਤੇ ਘਰਾਂ ਵਿਚ ਲਾਈਟਾਂ ਬਿਲਕੁਲ ਬੰਦ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਕੰਮਲ ਤੌਰ ’ਤੇ ਲਾਈਟਾਂ ਬੰਦ ਰੱਖਣ ਵਿਚ ਸਹਿਯੋਗ ਕੀਤਾ ਜਾਵੇ।

ਬਲੈਕਆਊਟ ਅਤੇ ਮੌਕਡਰਿੱਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਿਰਫ਼ ਇਕ ਅਭਿਆਸ ਦੀ ਪ੍ਰਕਿਰਿਆ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਵਿਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਲੈਕਆਊਟ ਅਤੇ ਮੌਕਡਰਿੱਲ ਨੂੰ ਲੈ ਕੇ ਕੋਈ ਅਫ਼ਵਾਹ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਦੇ ਵਲੰਟੀਅਰਾਂ ਵਲੋਂ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਡੀ.ਏ.ਵੀ. ਕਾਲਜ ਵਿਖੇ ਮੌਕਡਰਿੱਲ ਕੀਤੀ ਜਾਵੇਗੀ ਜਿਸ ਦਾ ਮਕਸਦ ਕਿਸੇ ਵੀ ਤਰ੍ਹਾਂ ਦੀ ਘਟਨਾ ਮੌਕੇ ਪੀੜਤ ਤੇ ਪ੍ਰਭਾਵਿਤ ਲੋਕਾਂ ਨੂੰ ਕਿਵੇਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਅਭਿਆਸ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਚੌਕਸੀ ਲਈ ਇਕ ਮਹੱਤਵਪੂਰਨ ਪ੍ਰਕਿਰਿਆ ਹੈ ਜਿਸ ਵਿਚ ਸਭ ਨੂੰ ਆਪਣਾ ਸਾਥ ਦੇਣਾ ਚਾਹੀਦਾ ਹੈ।
Government of Punjab

0
57 views

Comment